
ਪਤਨੀ ਦੇ ਕਿਸੇ ਨਾਲ ਪ੍ਰੇਮ ਸਬੰਧ ਹੋਣ ਦੇ ਸ਼ੱਕ 'ਚ ਇਕ ਵਿਅਕਤੀ ਨੇ ਕੋਰੋਨਾ ਨੂੰ ਹਥਿਆਰ ਬਣਾ ਲਿਆ ਅਤੇ ਪਤਨੀ ਦੇ ਕਥਿਤ ਪ੍ਰੇਮੀ ਸਮੇਤ ਪੂਰੇ ਪ੍ਰਵਾਰ ਨੂੰ ਖ਼ਤਮ ਕਰਨ
ਨਵੀਂ ਦਿੱਲੀ, 21 ਮਈ : ਪਤਨੀ ਦੇ ਕਿਸੇ ਨਾਲ ਪ੍ਰੇਮ ਸਬੰਧ ਹੋਣ ਦੇ ਸ਼ੱਕ 'ਚ ਇਕ ਵਿਅਕਤੀ ਨੇ ਕੋਰੋਨਾ ਨੂੰ ਹਥਿਆਰ ਬਣਾ ਲਿਆ ਅਤੇ ਪਤਨੀ ਦੇ ਕਥਿਤ ਪ੍ਰੇਮੀ ਸਮੇਤ ਪੂਰੇ ਪ੍ਰਵਾਰ ਨੂੰ ਖ਼ਤਮ ਕਰਨ ਦੀ ਸਾਜ਼ਸ਼ ਘੜ ਲਈ। ਕੋਰੋਨਾ ਵੈਕਸੀਨ ਦੇ ਨਾਂ 'ਤੇ ਚਾਰ ਲੋਕਾਂ ਨੂੰ ਜ਼ਹਿਰ ਦੇ ਟੀਕੇ ਲਗਵਾ ਦਿਤੇ। ਘਟਨਾ ਰਾਜਧਾਨੀ ਦਿੱਲੀ ਦੇ ਅਲੀਪੁਰ ਦੀ ਹੈ। ਇਸ ਸਾਜ਼ਸ਼ ਨੂੰ ਅੰਜਾਮ ਦੇਣ ਲਈ 42 ਸਾਲਾ ਮੁਲਜ਼ਮ ਨੇ ਦੋ ਔਰਤਾਂ ਨੂੰ ਪੈਸੇ ਦੇ ਕੇ ਇਸ ਕੰਮ ਲਈ ਤਿਆਰ ਕੀਤਾ।
ਉਸ ਨੇ ਉਨ੍ਹਾਂ ਨੂੰ ਸਿਹਤ ਕਰਮੀ ਬਣਾ ਕੇ 38 ਸਾਲਾ ਹੋਮਗਾਰਡ ਦੇ ਪਰਵਾਰ ਨੂੰ ਖ਼ਤਮ ਕਰਨ ਲਈ ਭੇਜਿਆ, ਜਿਸ 'ਤੇ ਉਸ ਨੂੰ ਅਪਣੀ ਪਤਨੀ ਨਾਲ ਪ੍ਰੇਮ ਸਬੰਧ ਦਾ ਸ਼ੱਕ ਸੀ। ਔਰਤਾਂ ਨੇ ਹੋਮ ਗਾਰਡ ਅਤੇ ਉਸ ਦੇ ਪਰਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਕੋਰੋਨਾ ਟੀਕੇ ਦੇ ਨਾਂ 'ਤੇ ਜ਼ਹਿਰ ਦਾ ਟੀਕਾ ਲਗਾ ਦਿਤਾ। ਕੁੱਝ ਸਮੇਂ ਬਾਅਦ ਚਾਰਾਂ ਦੀ ਸਿਹਤ ਵਿਗੜ ਗਈ ਅਤੇ ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਪੁਲਿਸ ਨੇ ਦਸਿਆ ਕਿ ਚਾਰਾਂ ਲੋਕਾਂ ਦੀ ਹਾਲਤ ਹੁਣ ਸਥਿਰ ਹੈ। ਉਤਰੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੌਰਵ ਸ਼ਰਮਾ ਨੇ ਕਿਹਾ ਸੀਸੀਟੀਵੀ ਰਾਹੀਂ ਦੋ ਔਰਤਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਪੁਛਗਿੱਛ 'ਚ ਮੁੱਖ ਸਾਜ਼ਸ਼ਘਾੜੇ ਦਾ ਖ਼ੁਲਾਸਾ ਕੀਤਾ। ਤਿੰਨਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ।
ਮੁੱਖ ਮੁਲਜ਼ਮ ਅਲੀਪੁਰ 'ਚ ਕਾਰੋਬਾਰ ਕਰਦਾ ਹੈ। ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਉਸੇ ਹੀ ਇਲਾਕੇ 'ਚ ਰਹਿੰਦੇ ਹੋਮਗਾਰਡ ਜਵਾਨ ਨਾਲ ਪ੍ਰੇਮ ਸਬੰਧ ਚੱਲ ਰਿਹਾ ਹੈ। ਗੌਰਵ ਸ਼ਰਮਾ ਨੇ ਕਿਹਾ, ''ਉਹ ਬਦਲਾ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਦੂਜੇ ਪਿੰਡ ਦੀਆਂ ਦੋ ਔਰਤਾਂ ਨੂੰ ਫ਼ਿਰੌਤੀ ਦਿਤੀ। ਉਸ ਨੇ ਉਨ੍ਹਾਂ ਨੂੰ ਕੋਰੋਨਾ ਦੀ ਦਵਾਈ ਦੇ ਨਾਂ 'ਤੇ ਪੂਰੇ ਪਰਵਾਰ ਨੂੰ ਜ਼ਹਿਰ ਦਾ ਟੀਕਾ ਲਗਾਉਣ ਲਈ ਕਿਹਾ।''
ਦੁਪਹਿਰ ਸਮੇਂ ਦੋਵੇਂ ਔਰਤਾਂ ਹੋਮ ਗਾਰਡ ਜਵਾਨ ਦੇ ਘਰ ਪਹੁੰਚੀਆਂ ਅਤੇ ਅਪਣੇ ਆਪ ਨੂੰ ਸਿਹਤ ਕਰਮਚਾਰੀ ਦਸਿਆ। ਉਨ੍ਹਾਂ ਨੇ ਹੋਮ ਗਾਰਡ ਜਵਾਨ, ਉਸ ਦੀ ਮਾਂ ਅਤੇ ਦੋ ਰਿਸ਼ਤੇਦਾਰਾਂ ਨੂੰ ਜ਼ਹਿਰ ਦਾ ਟੀਕਾ ਲਗਾ ਦਿਤਾ। ਤੁਰਤ ਚਾਰਾਂ ਦੀ ਸਿਹਤ ਖ਼ਰਾਬ ਹੋਣ ਲੱਗੀ ਤਾਂ ਔਰਤਾਂ ਉਥੋ ਰਫ਼ੂਚੱਕਰ ਹੋ ਗਈਆਂ। ਚਾਰਾਂ ਪੀੜਤਾਂ ਨੂੰ ਰਾਜਾ ਹਰੀਸ਼ਚੰਦਰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਚਾਰੇ ਹੁਣ ਖ਼ਤਰੇ ਤੋਂ ਬਾਹਰ ਹਨ। (ਏਜੰਸੀ)