
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਅਰਥਚਾਰੇ ਨੂੰ ਸੰਭਾਲਣ ਲਈ 20.9 ਲੱਖ ਕਰੋੜ ਰੁਪਏ ਦੇ ਪੈਕੇਜ ਨੂੰ ਨਾਕਾਫ਼ੀ ਦਸਿਆ
ਨਵੀਂ ਦਿੱਲੀ, 21 ਮਈ: ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਅਰਥਚਾਰੇ ਨੂੰ ਸੰਭਾਲਣ ਲਈ 20.9 ਲੱਖ ਕਰੋੜ ਰੁਪਏ ਦੇ ਪੈਕੇਜ ਨੂੰ ਨਾਕਾਫ਼ੀ ਦਸਿਆ ਹੈ। ਰਾਜਨ ਨੇ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪੈਕੇਜ ਤਹਿਤ ਮੁਫ਼ਤ ਅਨਾਜ ਦਿਤਾ ਗਿਆ ਹੈ, ਪਰ ਤਾਲਾਬੰਦੀ ਕਰ ਕੇ ਉਹ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਨੂੰ ਦੁੱਧ, ਸਬਜ਼ੀ, ਤੇਲ ਖ਼ਰੀਦਣ ਅਤੇ ਕਿਰਾਇਆ ਚੁਕਾਉਣ ਲਈ ਪੈਸੇ ਦੀ ਜ਼ਰੂਰਤ ਹੈ। ਰਾਜਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਦੁਨੀਆਂ ਦੀ ਸੱਭ ਤੋਂ ਵੱਡੀ ਡੈਮੋਕਰੇਸੀ ਆਰਥਕ ਹੰਗਾਮੀ ਸਥਿਤੀ ਨਾਲ ਜੂਝ ਰਹੀ ਹੈ।
File photo
ਅਜਿਹੇ 'ਚ ਜੋ ਵੀ ਸਰੋਤ ਦਿਤੇ ਜਾਣਗੇ, ਉਹ ਨਾਕਾਫ਼ੀ ਹੀ ਹੋਣਗੇ। ਉਨ੍ਹਾਂ ਕਿਹਾ, ''ਇਹੀ ਕੁੱਝ ਭਾਰਤ ਦੇ ਮਾਮਲੇ 'ਚ ਵੀ ਹੈ। ਸਾਡਾ ਅਰਥਚਾਰਾ ਸੁਸਤ ਪੈ ਗਿਆ ਹੈ। ਵਿੱਤੀ ਘਾਟਾ ਵੱਧ ਰਿਹਾ ਹੈ। ਅਰਥਚਾਰੇ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਹੋਰ ਬਹੁਤ ਕੁੱਝ ਕਰਨ ਦੀ ਜ਼ਰੂਰਤ ਹੈ। ਸਾਨੂੰ ਹਰ ਕੋਸ਼ਿਸ਼ ਕਰਨੀ ਹੋਵੇਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਪੈਕੇਜ 'ਚ ਕੁੱਝ ਚੰਗੀਆਂ ਗੱਲਾਂ ਵੀ ਹਨ, ਪਰ ਸ਼ਾਇਦ ਸਾਨੂੰ ਜ਼ਿਆਦਾ ਕਰਨ ਦੀ ਜ਼ਰੂਰਤ ਹੈ। (ਪੀਟੀਆਈ)