
ਦਖਣੀ ਅਫ਼ਰੀਕਾ ਵਿਚ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਦੋ ਦਿਨਾ ਨਵਜੰਮੇ ਬੱਚੇ ਦੀ ਮੌਤ ਗਈ ਹੈ ਜੋ ਦੇਸ਼ ’ਚ ਇਸ ਵਾਇਰਸ ਨਾਲ
ਜੋਹਾਨਸਬਰਗ, 21 ਮਈ : ਦਖਣੀ ਅਫ਼ਰੀਕਾ ਵਿਚ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਦੋ ਦਿਨਾ ਨਵਜੰਮੇ ਬੱਚੇ ਦੀ ਮੌਤ ਗਈ ਹੈ ਜੋ ਦੇਸ਼ ’ਚ ਇਸ ਵਾਇਰਸ ਨਾਲ ਮਰਨ ਵਾਲਾ ਸੱਭ ਤੋਂ ਘੱਟ ਉਮਰ ਦਾ ਬੱਚਾ ਹੈ। ਸਿਹਤ ਮੰਤਰਾਲੇ ਨੇ ਬੁਧਵਾਰ ਦੇਰ ਰਾਤ ਇਹ ਬਿਆਨ ਜਾਰੀ ਕੀਤਾ। ਮੰਤਰਾਲੇ ਨੇ ਕਿਹਾ ਕਿ ਬਦਕਿਸਮਤੀ ਨਾਲ ਦੇਸ਼ ਵਿਚ ਕੋਰੋਨਾ ਕਾਰਨ ਦੋ ਦਿਨਾਂ ਦੇ ਇਕ ਬੱਚੇ ਦੀ ਮੌਤ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਸੀ। ਬੱਚੇ ਦੀ ਮਾਂ ਵੀ ਕੋਰੋਨਾ ਪਾਜ਼ੇਟਿਵ ਹੈ ਤੇ ਬੱਚਾ ਵੀ ਕੋਰੋਨਾ ਪੀੜਤ ਸੀ। ਮੰਤਰਾਲੇ ਨੇ ਬੱਚੇ ਦੀ ਮਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਇਸ ਵਾਇਰਸ ਨਾਲ 18,003 ਲੋਕ ਪ੍ਰਭਾਵਤ ਹੋਏ ਹਨ ਅਤੇ 339 ਦੀ ਮੌਤ ਹੋ ਗਈ ਹੈ।
ਸਿਹਤ ਮੰਤਰੀ ਡਾ. ਜਵੇਲੀ ਮਿਜੇ ਨੇ ਬੁਧਵਾਰ ਨੂੰ ਕਿਹਾ, “ਇਹ ਦਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਕੋਵਿਡ-19 ਕਾਰਨ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ ਹੈ। ਬੱਚੇ ਦੇ ਫੇਫੜਿਆਂ ਵਿਚ ਪਰੇਸ਼ਾਨੀ ਸੀ ਜਿਸ ਦੇ ਚੱਲਦਿਆਂ ਉਸ ਨੂੰ ਜਨਮ ਦੇ ਤੁਰੰਤ ਬਾਅਦ ਵੈਂਟੀਲੇਟਰ ’ਤੇ ਰਖਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਵਿਚ ਵਾਇਰਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਵਿਚੋਂ ਇਕ ਸਿਹਤ ਦੇਖਭਾਲ ਕਰਮਚਾਰੀ ਵੀ ਸ਼ਾਮਲ ਹੈ।
ਡਾ. ਜਵੇਲੀ ਨੇ ਕਿਹਾ ਕਿ ਵਧਦੀ ਬੇਰੁਜ਼ਗਾਰੀ ਅਤੇ ਗਰੀਬੀ ਵਿਚਕਾਰ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਦੇਸ਼ ਵਿਚ ਅਰਥ ਵਿਵਸਥਾ ਨੂੰ ਵਿਗੜਨ ਤੋਂ ਬਚਾਉਣ ਲਈ ਇਕ ਜੂਨ ਤੋਂ ਲਾਕਡਾਊਨ ਸਬੰਧੀ ਪਾਬੰਦੀਆਂ ਵਿਚ ਢਿੱਲ ਦਿਤੀ ਜਾਵੇਗੀ। ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸਕੂਲਾਂ ਨੂੰ ਪੜਾਅਬੱਧ ਤਰੀਕੇ ਨਾਲ ਇਕ ਜੂਨ ਤੋਂ ਖੋਲਿ੍ਹਆ ਜਾਵੇਗਾ। (ਪੀਟੀਆਈ)