
ਮ੍ਰਿਤਕ ਦਵਾਈ ਲੈ ਕੇ ਘਰ ਪਰਤ ਰਿਹਾ ਸੀ
ਨਵੀਂ ਦਿੱਲੀ : ਐਤਵਾਰ ਰਾਤ ਇੱਕ BMW ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿਤੀ। ਪੁਲਿਸ ਮੁਤਾਬਕ ਬੀ.ਐਮ.ਡਬਲਯੂ ਨੂੰ 28 ਸਾਲਾ ਔਰਤ ਚਲਾ ਰਹੀ ਸੀ। ਉਹ ਗ੍ਰੇਟਰ ਕੈਲਾਸ਼ ਵਿਚ ਇੱਕ ਪਾਰਟੀ ਤੋਂ ਵਾਪਸ ਆ ਰਹੀ ਸੀ ਜਦੋਂ 36 ਸਾਲਾ ਵਿਅਕਤੀ ਦਵਾਈ ਲੈ ਕੇ ਘਰ ਜਾ ਰਿਹਾ ਸੀ। ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਬੀਐਮਡਬਲਯੂ ਸੜਕ ਕਿਨਾਰੇ ਲੱਗੇ ਜਨਰੇਟਰ ਨਾਲ ਜਾ ਟਕਰਾਈ।
ਮ੍ਰਿਤਕ ਦਾ ਨਾਂ ਅਜੇ ਗੁਪਤਾ ਹੈ। ਹਾਦਸੇ 'ਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਬਾਅਦ 'ਚ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਅਜੇ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਪੁਲਿਸ ਨੇ ਦਸਿਆ ਕਿ ਦੋਸ਼ੀ ਔਰਤ ਅਸ਼ੋਕ ਵਿਹਾਰ ਦੀ ਰਹਿਣ ਵਾਲੀ ਹੈ। ਉਹ ਪੇਸ਼ੇ ਤੋਂ ਆਰਕੀਟੈਕਟ ਹੈ। ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਿੱਲੀ ਪਛਮੀ ਦੇ ਡੀਸੀਪੀ ਘਨਸ਼ਿਆਮ ਬਾਂਸਲ ਨੇ ਦਸਿਆ ਕਿ ਸਵੇਰੇ 4 ਵਜੇ ਪੀਸੀਆਰ ਨੂੰ ਇੱਕ ਕਾਲ ਆਈ, ਜਿਸ ਵਿਚ ਘਟਨਾ ਦੀ ਜਾਣਕਾਰੀ ਦਿਤੀ ਗਈ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਥੇ ਕੋਈ ਨਹੀਂ ਸੀ। ਮੋਤੀ ਨਗਰ ਫਲਾਈਓਵਰ ਨੂੰ ਜਾਂਦੀ ਸੜਕ 'ਤੇ ਦੋ ਵਾਹਨ ਖਰਾਬ ਹਾਲਤ 'ਚ ਮਿਲੇ ਹਨ।
ਸਥਾਨਕ ਲੋਕਾਂ ਨੇ ਦਸਿਆ ਕਿ ਟੱਕਰ ਮਾਰਨ ਵਾਲੀ ਔਰਤ ਜ਼ਖ਼ਮੀ ਵਿਅਕਤੀ ਨੂੰ ਏਬੀਜੀ ਹਸਪਤਾਲ ਲੈ ਗਈ ਸੀ। ਬਾਅਦ ਵਿਚ ਜ਼ਖ਼ਮੀ ਵਿਅਕਤੀ ਦੇ ਰਿਸ਼ਤੇਦਾਰ ਉਸ ਨੂੰ ਈਐਸਆਈ ਹਸਪਤਾਲ ਲੈ ਗਏ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੋਏ। ਬਾਅਦ ਵਿਚ ਵਿਅਕਤੀ ਦੀ ਮੌਤ ਹੋ ਗਈ।
ਗੁਪਤਾ ਦਾ ਪਰਿਵਾਰ ਬਸਾਈ ਦਾਰਾਪੁਰ ਵਿਚ ਰਹਿੰਦਾ ਹੈ। ਪਰਿਵਾਰ ਵਿਚ ਹੁਣ ਪਤਨੀ ਅਤੇ ਦੋ ਬੱਚੇ ਹਨ। ਰਿਸ਼ਤੇਦਾਰਾਂ ਨੇ ਦਸਿਆ ਕਿ ਅਜੇ ਗੁਪਤਾ ਦਵਾਈ ਲੈਣ ਲਈ ਦੇਰ ਰਾਤ ਘਰੋਂ ਨਿਕਲਿਆ ਸੀ। ਇਸ ਤੋਂ ਬਾਅਦ ਸਾਨੂੰ ਉਸ ਦੇ ਹਾਦਸੇ ਦੀ ਖਬਰ ਮਿਲੀ ਅਤੇ ਅਸੀਂ ਹਸਪਤਾਲ ਪਹੁੰਚੇ।
ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ, ਪੁਲਿਸ ਨੇ ਆਈਪੀਸੀ ਦੀ ਧਾਰਾ 279 (ਜਨਤਕ ਸਥਾਨ 'ਤੇ ਗਲਤ ਢੰਗ ਨਾਲ ਡਰਾਈਵਿੰਗ), 337 (ਦੂਜੇ ਦੀ ਜਾਨ ਨੂੰ ਖ਼ਤਰਾ), 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।