
ਲਖਨਊ ਦੇ ਪਾਸਪੋਰਟ ਸੇਵਾ ਕੇਂਦਰ ਦੇ ਅਧਿਕਾਰੀ ਵਿਰੁਧ ਹਿੰਦੂ-ਮੁਸਲਿਮ ਜੋੜੇ ਨੇ ਅਤਿਆਚਾਰ ਅਤੇ ਅਪਮਾਨਤ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ ਜਿਨ੍ਹਾਂ ਬਾਰੇ ...
ਨਵੀਂ ਦਿੱਲੀ, ਲਖਨਊ ਦੇ ਪਾਸਪੋਰਟ ਸੇਵਾ ਕੇਂਦਰ ਦੇ ਅਧਿਕਾਰੀ ਵਿਰੁਧ ਹਿੰਦੂ-ਮੁਸਲਿਮ ਜੋੜੇ ਨੇ ਅਤਿਆਚਾਰ ਅਤੇ ਅਪਮਾਨਤ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ ਜਿਨ੍ਹਾਂ ਬਾਰੇ ਵਿਦੇਸ਼ ਮੰਤਰਾਲੇ ਨੇ ਰੀਪੋਰਟ ਮੰਗੀ ਹੈ। ਹਿੰਦੂ ਮੁਸਲਿਮ ਜੋੜੇ ਮੁਹੰਮਦ ਅਨਸ ਸਿੱਦੀਕੀ ਅਤੇ ਉਸ ਦੀ ਪਤਨੀ ਤਨਵੀ ਸੇਠ ਨੇ ਟਵਿਟਰ 'ਤੇ ਪੂਰਾ ਘਟਨਾਕ੍ਰਮ ਲਿਖਿਆ ਸੀ ਅਤੇ ਉਸ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟੈਗ ਕੀਤਾ ਸੀ।
ਉਨ੍ਹਾਂ ਦੀ ਸ਼ਿਕਾਇਤ ਦੇ ਜਵਾਬ ਵਿਚ 'ਕਾਊਂਸਲਰ, ਪਾਸਪੋਰਟ ਅਤੇ ਵੀਜ਼ਾ ਵਿਭਾਗ' ਦੇ ਸਕੱਤਰ ਡੀ ਐਮ ਮੁਲੇ ਨੇ ਕਿਹਾ ਕਿ ਉਨ੍ਹਾਂ ਲਖਨਊ ਦੇ ਖੇਤਰੀ ਪਾਸਪੋਰਟ ਦਫ਼ਤਰ ਤੋਂ ਰੀਪੋਰਟ ਮੰਗੀ ਹੈ ਅਤੇ ਯੋਗ ਕਾਰਵਾਈ ਕੀਤੀ ਜਾਵੇਗੀ। ਬਾਅਦ ਵਿਚ ਵਿਦੇਸ਼ ਮੰਤਰੀ ਦੇ ਦਖ਼ਲ ਮਗਰੋਂ ਜੋੜੇ ਨੂੰ ਪਾਸਪੋਰਟ ਦੇ ਦਿਤਾ ਗਿਆ। ਸਿੱਦੀਕੀ ਅਤੇ ਸੇਠ ਨੇ 19 ਜੂਨ ਨੂੰ ਪਾਸਪੋਰਟ ਲਈ ਅਰਜ਼ੀ ਦਿਤੀ ਸੀ ਅਤੇ ਲਖਨਊ ਪਾਸਪੋਰਟ ਕੇਂਦਰ 'ਤੇ 20 ਜੂਨ ਦਾ ਸਮਾਂ ਲਿਆ ਸੀ। ਜੋੜੇ ਮੁਤਾਬਕ ਉਨ੍ਹਾਂ ਦੀ ਅਰਜ਼ੀ ਰੱਦ ਕੀਤੇ ਜਾਣ ਤੋਂ ਪਹਿਲਾਂ ਪਾਸਪੋਰਟ ਅਧਿਕਾਰੀ ਵਿਕਾਸ ਮਿਸ਼ਰਾ ਨੇ ਉਨ੍ਹਾਂ ਨੂੰ ਅਪਮਾਨਤ ਕਰਨਾ ਸ਼ੁਰੂ ਕਰ ਦਿਤਾ।
ਸਿੱਦੀਕੀ ਨੇ ਕਿਹਾ ਕਿ ਉਹ ਅਤੇ ਉਸ ਦੀ ਪਤਨੀ ਇਸ ਬੇਰਹਿਮੀ ਵਿਰੁਧ ਫ਼ੌਰੀ ਕਾਰਵਾਈ ਦੀ ਮੰਗ ਕਰਦੇ ਹਨ। ਸੇਠ ਨੇ ਵਿਦੇਸ਼ ਮੰਤਰੀ ਲਈ ਅਪਣੇ ਟਵੀਟ ਵਿਚ ਲਿਖਿਆ, 'ਮੈਂ ਆਤਮ ਵਿਸ਼ਵਾਸ ਨਾਲ ਅਤੇ ਇਨਸਾਫ਼ ਵਾਸਤੇ ਇਹ ਲਿਖ ਰਹੀ ਹਾਂ। ਮੇਰੇ ਦਿਲ ਵਿਚ ਗੁੱਸਾ, ਦੁੱਖ ਅਤੇ ਪੀੜ ਹੈ। ਇਸ ਦਾ ਕਾਰਨ ਪਾਸਪੋਰਟ ਦਫ਼ਤਰ ਵਿਚ ਵਿਕਾਸ ਮਿਸ਼ਰਾ ਦੁਆਰਾ ਮੇਰੇ ਨਾਲ ਕੀਤਾ ਗਿਆ ਦੁਰਵਿਹਾਰ ਹੈ। ਇਸ ਦਾ ਕਾਰਨ ਹੈ ਕਿ ਮੈਂ ਮੁਸਲਿਮ ਨਾਲ ਵਿਆਹ ਕੀਤਾ ਅਤੇ ਅਪਣਾ ਨਾਮ ਨਹੀਂ ਬਦਲਿਆ।' (ਏਜੰਸੀ)