
ਕੇਂਦਰੀ ਮੰਤਰੀ ਨੇ ਕਾਂਗਰਸ ਮੈਂਬਰ ਦਿਗਵਿਜੇ ਸਿੰਘ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ
ਨਵੀਂ ਦਿੱਲੀ: ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਰਾਜ ਸਭਾ ਨੂੰ ਦੱਸਿਆ ਕਿ ਸਰਕਾਰ ਨੇ ਪਿਛਲੇ ਤਿੰਨ ਸਾਲਾਂ 'ਚ ਅਖਬਾਰਾਂ, ਟੈਲੀਵਿਜ਼ਨ ਚੈਨਲਾਂ ਅਤੇ ਵੈੱਬ ਪੋਰਟਲ 'ਤੇ ਇਸ਼ਤਿਹਾਰਾਂ 'ਤੇ 911.17 ਕਰੋੜ ਰੁਪਏ ਖਰਚ ਕੀਤੇ ਹਨ। ਉਹਨਾਂ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਵੀ ਦੱਸਿਆ ਕਿ ਵਿੱਤੀ ਸਾਲ 2019-20 ਤੋਂ ਜੂਨ 2022 ਤੱਕ ਕੇਂਦਰੀ ਸੰਚਾਰ ਬਿਊਰੋ ਦੁਆਰਾ ਇਸ਼ਤਿਹਾਰਾਂ ਦਾ ਭੁਗਤਾਨ ਕੀਤਾ ਗਿਆ ਸੀ।
ਠਾਕੁਰ ਨੇ ਕਿਹਾ ਕਿ ਸਰਕਾਰ ਨੇ 2019-20 ਵਿਚ 5,326 ਅਖਬਾਰਾਂ ਵਿਚ ਇਸ਼ਤਿਹਾਰਾਂ 'ਤੇ 295.05 ਕਰੋੜ ਰੁਪਏ, 2020-21 ਵਿਚ 5,210 ਅਖਬਾਰਾਂ ਵਿਚ ਇਸ਼ਤਿਹਾਰਾਂ 'ਤੇ 197.49 ਕਰੋੜ ਰੁਪਏ, 2021-22 ਵਿਚ ਅਖਬਾਰਾਂ ਵਿਚ ਇਸ਼ਤਿਹਾਰਾਂ 'ਤੇ 179.04 ਕਰੋੜ ਰੁਪਏ ਖਰਚ ਕੀਤੇ। 2022-23 ਵਿਚ ਜੂਨ ਤੱਕ 1,529 ਅਖਬਾਰਾਂ 'ਚ ਇਸ਼ਤਿਹਾਰਾਂ 'ਤੇ 19.25 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਉਹਨਾਂ ਅਨੁਸਾਰ ਇਸੇ ਸਮੇਂ ਦੌਰਾਨ ਸਰਕਾਰ ਨੇ 2019-20 ਵਿਚ 270 ਟੈਲੀਵਿਜ਼ਨ ਚੈਨਲਾਂ ਦੇ ਇਸ਼ਤਿਹਾਰਾਂ 'ਤੇ 98.69 ਕਰੋੜ ਰੁਪਏ, 2020-21 ਵਿਚ 318 ਟੀਵੀ ਚੈਨਲਾਂ ਦੇ ਇਸ਼ਤਿਹਾਰਾਂ 'ਤੇ 69.81 ਕਰੋੜ ਰੁਪਏ, 2021-22 ਵਿਚ 265 ਨਿਊਜ਼ ਚੈਨਲਾਂ ਦੇ ਇਸ਼ਤਿਹਾਰਾਂ' ਤੇ 29.3 ਕਰੋੜ ਰੁਪਏ ਖਰਚ ਕੀਤੇ। 2022-23 ਵਿਚ ਜੂਨ ਤੱਕ 99 ਟੀਵੀ ਚੈਨਲਾਂ 'ਤੇ ਇਸ਼ਤਿਹਾਰਾਂ 'ਤੇ 1.96 ਕਰੋੜ ਰੁਪਏ ਖਰਚ ਕੀਤੇ।
ਮੰਤਰੀ ਨੇ ਕਾਂਗਰਸ ਮੈਂਬਰ ਦਿਗਵਿਜੇ ਸਿੰਘ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ ਕਿ ਵੈੱਬ ਪੋਰਟਲ 'ਤੇ ਇਸ਼ਤਿਹਾਰਾਂ 'ਤੇ ਸਰਕਾਰ ਦਾ ਖਰਚਾ 2019-20 ਵਿਚ 54 ਵੈੱਬਸਾਈਟਾਂ 'ਤੇ 9.35 ਕਰੋੜ ਰੁਪਏ, 2020-21 ਵਿਚ 72 ਵੈੱਬਸਾਈਟਾਂ 'ਤੇ ਇਸ਼ਤਿਹਾਰਾਂ 'ਤੇ 7.43 ਕਰੋੜ ਰੁਪਏ ਸੀ। 2021-22 ਵਿਚ 18 ਵੈੱਬਸਾਈਟਾਂ 'ਤੇ ਇਸ਼ਤਿਹਾਰਾਂ 'ਤੇ 1.83 ਕਰੋੜ ਰੁਪਏ ਅਤੇ ਜੂਨ ਤੱਕ 2022-23 ਵਿਚ 30 ਵੈੱਬਸਾਈਟਾਂ 'ਤੇ 1.97 ਕਰੋੜ ਰੁਪਏ ਖਰਚੇ ਹਨ।