
ਵਿਰੋਧੀ ਪਾਰਟੀਆਂ ਮਨੀਪੁਰ ਘਟਨਾ 'ਤੇ ਜ਼ਿਆਦਾ ਰਾਜਨੀਤੀ ਕਰ ਰਹੀਆਂ ਹਨ - ਅਨੁਰਾਗ ਠਾਕੁਰ
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਰਾਜਸਥਾਨ, ਪੱਛਮੀ ਬੰਗਾਲ ਅਤੇ ਬਿਹਾਰ ਵਰਗੇ ਵਿਰੋਧੀ ਸ਼ਾਸਿਤ ਰਾਜਾਂ ਵਿਚ ਔਰਤਾਂ ਵਿਰੁੱਧ ਘਿਨਾਉਣੇ ਅਪਰਾਧਾਂ ਦੀ ਲੰਮੀ ਸੂਚੀ ਹੈ, ਪਰ ਵਿਰੋਧੀ ਪਾਰਟੀਆਂ ਮਨੀਪੁਰ ਘਟਨਾ 'ਤੇ ਜ਼ਿਆਦਾ ਰਾਜਨੀਤੀ ਕਰ ਰਹੀਆਂ ਹਨ।
ਹਿੰਸਾ ਪ੍ਰਭਾਵਿਤ ਰਾਜ ਮਨੀਪੁਰ ਵਿਚ ਵਿਵਾਦਗ੍ਰਸਤ ਭਾਈਚਾਰਿਆਂ ਦੇ ਪੁਰਸ਼ਾਂ ਦੇ ਇੱਕ ਸਮੂਹ ਦੁਆਰਾ ਇੱਕ ਭਾਈਚਾਰੇ ਨਾਲ ਸਬੰਧਤ ਦੋ ਔਰਤਾਂ ਨੂੰ ਨਗਨ ਕਰ ਕੇ ਪਰੇਡ ਕੀਤੇ ਜਾਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਵਿਚ ਗੁੱਸਾ ਹੈ। ਇਹ ਘਟਨਾ 4 ਮਈ ਨੂੰ ਵਾਪਰੀ ਸੀ, ਜਿਸ ਦਾ ਵੀਡੀਓ 19 ਜੁਲਾਈ ਨੂੰ ਵਾਇਰਲ ਹੋਇਆ।
ਇੱਥੇ ਭਾਜਪਾ ਹੈੱਡਕੁਆਰਟਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਿਆ ਅਤੇ ਰਾਜਸਥਾਨ, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਔਰਤਾਂ ਖ਼ਿਲਾਫ਼ ਦਰਜ ਹੋਏ ਕੁਝ ਅਪਰਾਧਿਕ ਮਾਮਲਿਆਂ ਦਾ ਜ਼ਿਕਰ ਕੀਤਾ। ਅਨੁਰਾਗ ਠਾਕੁਰ ਨੇ ਦੋਸ਼ ਲਗਾਇਆ ਕਿ 'ਰਾਜਸਥਾਨ 'ਚ ਪਿਛਲੇ ਚਾਰ ਸਾਲਾਂ 'ਚ ਔਰਤਾਂ ਵਿਰੁੱਧ ਅਪਰਾਧ ਦੇ ਇਕ ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਰਾਜਸਥਾਨ ਵਿਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਕੁੱਲ 33 ਹਜ਼ਾਰ ਮਾਮਲੇ ਹਨ।
ਰਾਜਸਥਾਨ ਸਰਕਾਰ 'ਚ ਮੰਤਰੀ ਰਾਜੇਂਦਰ ਗੁਡਾ ਨੂੰ ਹਟਾਏ ਜਾਣ 'ਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੰਤਰੀ ਨੂੰ ਹਟਾਇਆ ਕਿਉਂਕਿ ਉਨ੍ਹਾਂ (ਗੁਢਾ) ਨੇ ਸੂਬੇ 'ਚ ਔਰਤਾਂ ਵਿਰੁੱਧ ਵਧਦੇ ਅਪਰਾਧਾਂ 'ਤੇ ਚਿੰਤਾ ਪ੍ਰਗਟਾਈ ਸੀ।