
ਦਿੱਲੀ ਹਾਈ ਕੋਰਟ ਨੇ ਅਮਿਤ ਪੰਘਾਲ ਅਤੇ ਸੁਜੀਤ ਕਾਲਕਲ ਦੀ ਪਟੀਸ਼ਨ ਖਾਰਜ ਕੀਤੀ
ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਦੇਸ਼ ਦੇ ਚੋਟੀ ਦੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ਤੋਂ ਮਿਲੀ ਛੋਟ ਨੂੰ ਬਰਕਰਾਰ ਰੱਖਿਆ ਹੈ। ਇਸ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸ਼ਨੀਵਾਰ ਨੂੰ ਸੁਣਵਾਈ ਹੋਈ। ਵਿਨੇਸ਼ ਅਤੇ ਬਜਰੰਗ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਵਿਨੇਸ਼ ਅਤੇ ਬਜਰੰਗ ਨੂੰ ਅੰਡਰ-20 ਵਿਸ਼ਵ ਚੈਂਪੀਅਨ ਆਨੰਦ ਪੰਘਾਲ ਅਤੇ ਅੰਡਰ-23 ਏਸ਼ੀਆਈ ਚੈਂਪੀਅਨ ਸੁਜੀਤ ਕਾਲਕਲ ਨੇ ਸਿੱਧੇ ਦਾਖਲੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।
ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਨੇ ਛੁੱਟ 'ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫੋਗਾਟ (53 ਕਿਲੋਗ੍ਰਾਮ) ਅਤੇ ਪੂਨੀਆ (65 ਕਿਲੋਗ੍ਰਾਮ) ਨੂੰ ਮੰਗਲਵਾਰ ਨੂੰ ਭਾਰਤੀ ਓਲੰਪਿਕ ਸੰਘ (IOA) ਦੀ ਐਡਹਾਕ ਕਮੇਟੀ ਨੇ ਏਸ਼ੀਆਈ ਖੇਡਾਂ ਲਈ ਸਿੱਧੀ ਐਂਟਰੀ ਦਿੱਤੀ ਸੀ, ਜਦਕਿ ਹੋਰ ਪਹਿਲਵਾਨਾਂ ਨੂੰ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨ ਲਈ 22 ਅਤੇ 23 ਜੁਲਾਈ ਨੂੰ ਚੋਣ ਟਰਾਇਲਾਂ 'ਚੋਂ ਲੰਘਣਾ ਹੋਵੇਗਾ। ਪੰਘਾਲ ਅਤੇ ਕਾਲਕਲ ਨੇ ਛੋਟ ਨੂੰ ਚੁਣੌਤੀ ਦਿੱਤੀ ਸੀ ਅਤੇ ਨਿਰਪੱਖ ਚੋਣ ਪ੍ਰਕਿਰਿਆ ਦੀ ਮੰਗ ਕੀਤੀ ਸੀ।
ਐਡਵੋਕੇਟ ਰਿਸ਼ੀਕੇਸ਼ ਬਰੂਆ ਦੁਆਰਾ ਦਾਇਰ ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਦੋ ਸ਼੍ਰੇਣੀਆਂ (ਪੁਰਸ਼ਾਂ ਦੀ ਫ੍ਰੀਸਟਾਈਲ 65 ਕਿਲੋਗ੍ਰਾਮ ਅਤੇ ਔਰਤਾਂ ਦੇ 53 ਕਿਲੋਗ੍ਰਾਮ) ਦੇ ਸਬੰਧ ਵਿਚ ਆਈਓਏ ਐਡ-ਹਾਕ ਕਮੇਟੀ ਦੁਆਰਾ ਜਾਰੀ ਕੀਤੇ ਨਿਰਦੇਸ਼ ਨੂੰ ਇੱਕ ਪਾਸੇ ਰੱਖਿਆ ਜਾਵੇ ਅਤੇ ਫੋਗਾਟ ਅਤੇ ਪੂਨੀਆ ਨੂੰ ਦਿੱਤੀ ਗਈ ਛੋਟ ਨੂੰ ਰੱਦ ਕੀਤਾ ਜਾਵੇ।
ਸ਼ਨੀਵਾਰ ਅਤੇ ਐਤਵਾਰ ਨੂੰ ਏਸ਼ੀਆਈ ਖੇਡਾਂ ਲਈ ਟਰਾਇਲ ਬੰਦ ਦਰਵਾਜ਼ਿਆਂ ਦੇ ਪਿੱਛੇ ਆਯੋਜਿਤ ਕੀਤੇ ਜਾਣਗੇ। ਟਰਾਇਲ ਦੌਰਾਨ ਕਿਸੇ ਵੀ ਪਹਿਲਵਾਨ ਦੇ ਮਾਤਾ-ਪਿਤਾ, ਸਮਰਥਕ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਪਹਿਲਵਾਨ ਦੇ ਸਿਰਫ਼ ਇੱਕ ਕੋਚ ਅਤੇ ਮਾਲਿਸ਼ ਕਰਨ ਵਾਲੇ ਨੂੰ ਹੀ ਨਾਲ ਜਾਣ ਦੀ ਇਜਾਜ਼ਤ ਹੋਵੇਗੀ। ਸ਼ੁੱਕਰਵਾਰ ਨੂੰ ਪਹਿਲਵਾਨਾਂ ਦੇ ਰਿਸ਼ਤੇਦਾਰਾਂ ਨਾਲ ਐਡਹਾਕ ਕਮੇਟੀ ਦੇ ਮੈਂਬਰਾਂ ਦੀ ਝੜਪ ਤੋਂ ਬਾਅਦ ਅਜਿਹਾ ਹੋਇਆ। ਸ਼ਨੀਵਾਰ ਨੂੰ ਗ੍ਰੀਕੋ-ਰੋਮਨ ਅਤੇ ਮਹਿਲਾ ਵਰਗ ਵਿਚ ਟਰਾਇਲ ਹੋਣਗੇ।