
ਸ਼ੌਰਿਆ ਚੱਕਰ ਪੁਰਸਕਾਰ ਜੇਤੂ ਸਾਬਕਾ ਫੌਜੀ ਪਰਸ਼ੋਤਮ ਕੁਮਾਰ ਦੇ ਘਰ ’ਤੇ ਗੋਲੀਬਾਰੀ
Jammu and Kashmir : ਰਾਜੌਰੀ/ਜੰਮੂ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਸੋਮਵਾਰ ਤੜਕੇ ਫੌਜ ਦੇ ਜਵਾਨਾਂ ਨੇ ਫੌਜ ਦੀ ਇਕ ਚੌਕੀ ਅਤੇ ਵਿਲੇਜ ਡਿਫੈਂਸ ਟੀਮ (ਵੀ.ਡੀ.ਜੀ.) ਦੇ ਇਕ ਮੈਂਬਰ ਦੀ ਰਿਹਾਇਸ਼ ’ਤੇ ਹਮਲਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ। ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਘਟਨਾ ’ਚ ਸ਼ਾਮਲ ਅਤਿਵਾਦੀਆਂ ਨੂੰ ਫੜਨ ਲਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਸੂਤਰਾਂ ਨੇ ਦਸਿਆ ਕਿ ਵੀ.ਡੀ.ਜੀ. ਦੀ ਰਿਹਾਇਸ਼ ’ਤੇ ਹਮਲੇ ਵਿਚ ਸ਼ਾਮਲ ਅਤਿਵਾਦੀ ਮਾਰਿਆ ਗਿਆ ਹੈ ਅਤੇ ਇਸ ਘਟਨਾ ਵਿਚ ਇਕ ਸੈਨਿਕ, ਇਕ ਨਾਗਰਿਕ ਅਤੇ ਵੀਡੀਜੀ ਦਾ ਇਕ ਰਿਸ਼ਤੇਦਾਰ ਜ਼ਖਮੀ ਹੋ ਗਿਆ ਹੈ।
ਵ੍ਹਾਈਟ ਨਾਈਟ ਕੋਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਅਤਿਵਾਦੀਆਂ ਨੇ ਰਾਜੌਰੀ ਦੇ ਗੁੰਡਾ ਇਲਾਕੇ ’ਚ ਤੜਕੇ 3:10 ਵਜੇ ਵੀ.ਡੀ.ਸੀ. (ਮੈਂਬਰ ਦੇ ਘਰ) ’ਤੇ ਹਮਲਾ ਕੀਤਾ। ਨੇੜੇ ਮੌਜੂਦ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਮੁਹਿੰਮ ਅਜੇ ਵੀ ਜਾਰੀ ਹੈ।’’
ਭਾਰਤੀ ਫੌਜ ਨੇ ਰਾਜੌਰੀ-ਰਿਆਸੀ ਦੇ ਦੂਰ-ਦੁਰਾਡੇ ਇਲਾਕੇ ’ਚ ਸਥਿਤ ਵੀ.ਡੀ.ਜੀ. ਦੇ ਪਿੰਡ ਨੂੰ ਸੰਭਾਵਤ ਖਤਰੇ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕੀਤੀ। ਰਣਨੀਤਕ ਟੀਮ ਨੇ ਇਹ ਯਕੀਨੀ ਬਣਾਉਣ ਲਈ ਤੁਰਤ ਕਾਰਵਾਈ ਕੀਤੀ ਕਿ ਵੀ.ਡੀ.ਸੀ. ਮੈਂਬਰ ਅਤੇ ਉਸ ਦੇ ਪਰਵਾਰ ਨੂੰ ਕੋਈ ਨੁਕਸਾਨ ਨਾ ਹੋਵੇ।
ਕੋਰ ਨੇ ਦਸਿਆ ਕਿ ਮੁਹਿੰਮ ਜਾਰੀ ਹੈ ਅਤੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਜਾਰੀ ਹੈ। ਅਧਿਕਾਰੀਆਂ ਨੇ ਦਸਿਆ ਕਿ ਅਤਿਵਾਦੀਆਂ ਨੇ ਖਵਾਸ ਤਹਿਸੀਲ ਦੇ ਗੁੰਡਾ ਇਲਾਕੇ ’ਚ ਵੀ.ਡੀ.ਜੀ. ਅਤੇ ਸਾਬਕਾ ਫੌਜੀ ਪਰਸ਼ੋਤਮ ਕੁਮਾਰ ਦੇ ਘਰ ’ਤੇ ਗੋਲੀਬਾਰੀ ਕੀਤੀ। ਕੁਮਾਰ ਸ਼ੌਰਿਆ ਚੱਕਰ ਪੁਰਸਕਾਰ ਜੇਤੂ ਵੀ ਹਨ।
ਉਨ੍ਹਾਂ ਨੇ ਦਸਿਆ ਕਿ ਅਤਿਵਾਦੀਆਂ ਵਲੋਂ ਗ੍ਰੇਨੇਡ ਸੁੱਟੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਵੇਰੇ ਕਰੀਬ 4 ਵਜੇ ਇਲਾਕੇ ’ਚ ਨਵੀਂ ਸਥਾਪਤ ਫੌਜੀ ਚੌਕੀ ’ਤੇ ਹਮਲਾ ਕੀਤਾ, ਜਿਸ ਦੇ ਨਤੀਜੇ ਵਜੋਂ ਗੋਲੀਬਾਰੀ ਸ਼ੁਰੂ ਹੋ ਗਈ।
ਅਧਿਕਾਰੀਆਂ ਨੇ ਦਸਿਆ ਕਿ ਜਵਾਨਾਂ ਨੇ ਫੌਜ ਦੀ ਚੌਕੀ ’ਤੇ ਹਮਲੇ ਨੂੰ ਨਾਕਾਮ ਕਰ ਦਿਤਾ ਅਤੇ ਇਲਾਕੇ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ। ਫੌਜ ਦੇ ਇਕ ਬੁਲਾਰੇ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਫੌਜੀ ਚੌਕੀ ’ਤੇ ਵੱਡੇ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ। ਅਤਿਵਾਦੀਆਂ ਨਾਲ ਮੁਕਾਬਲਾ ਜਾਰੀ ਹੈ।
ਇਲਾਕੇ ’ਚ ਅਤਿਵਾਦੀਆਂ ਦੀ ਮੌਜੂਦਗੀ ਕਾਰਨ ਇਲਾਕੇ ’ਚ ਡਰ ਦਾ ਮਾਹੌਲ ਹੈ। ਇਕ ਸਥਾਨਕ ਔਰਤ ਨੇ ਕਿਹਾ, ‘‘ਅਸੀਂ ਇਸ ਹਮਲੇ ਤੋਂ ਡਰੇ ਹੋਏ ਹਾਂ ਕਿਉਂਕਿ ਕਈ ਸਾਲਾਂ ਬਾਅਦ ਇਲਾਕੇ ’ਚ ਅਤਿਵਾਦੀ ਘਟਨਾ ਵਾਪਰੀ ਹੈ। ਇਲਾਕਾ ਸ਼ਾਂਤੀਪੂਰਨ ਸੀ। ਗੋਲੀਬਾਰੀ ਤੜਕੇ 3 ਵਜੇ ਸ਼ੁਰੂ ਹੋਈ ਅਤੇ ਜਾਰੀ ਹੈ।’’
ਇਕ ਹੋਰ ਪਿੰਡ ਵਾਸੀ ਨੇ ਕਿਹਾ ਕਿ ਵੀ.ਡੀ.ਜੀ. ਨੂੰ ਆਧੁਨਿਕ ਹਥਿਆਰਾਂ ਅਤੇ ਸੰਚਾਰ ਤਕਨਾਲੋਜੀ ਨਾਲ ਲੈਸ ਕਰਨ ਦੀ ਜ਼ਰੂਰਤ ਹੈ ਤਾਂ ਜੋ ਉਹ ਜੰਮੂ ਦੇ ਪਹਾੜੀ ਇਲਾਕਿਆਂ ਵਿਚ ਅਤਿਵਾਦੀਆਂ ਦਾ ਮੁਕਾਬਲਾ ਕਰ ਸਕਣ।
ਸੋਮਵਾਰ ਦਾ ਹਮਲਾ ਜੰਮੂ ਖੇਤਰ ਵਿਚ ਹਾਲ ਹੀ ਦੇ ਸਮੇਂ ਵਿਚ 14ਵੀਂ ਘਟਨਾ ਹੈ, ਜਿਸ ਵਿਚ ਦੋ ਅਧਿਕਾਰੀਆਂ ਸਮੇਤ 10 ਸੁਰੱਖਿਆ ਕਰਮਚਾਰੀ ਅਤੇ 9 ਤੀਰਥ ਮੁਸਾਫ਼ਰਾਂ ਦੀ ਮੌਤ ਹੋ ਗਈ ਅਤੇ 58 ਹੋਰ ਜ਼ਖਮੀ ਹੋ ਗਏ। ਮੁਕਾਬਲੇ ’ਚ 5 ਅਤਿਵਾਦੀ ਮਾਰੇ ਗਏ ਹਨ।