
ਸੱਜਣ ਕੁਮਾਰ ਨੂੰ ‘ਸ਼ੱਕ ਦਾ ਲਾਭ’ ਦਿੰਦੇ ਹੋਏ ਬਰੀ ਕਰ ਦਿਤਾ ਗਿਆ ਸੀ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਇਕ ਵਿਅਕਤੀ ਦੇ ਕਤਲ ਨਾਲ ਜੁੜੇ ਇਕ ਮਾਮਲੇ ’ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਨੂੰ ਚੁਨੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੋਮਵਾਰ ਨੂੰ ਕੁਮਾਰ ਤੋਂ ਜਵਾਬ ਮੰਗਿਆ।
ਕੁਮਾਰ ਇਸ ਸਮੇਂ ਦੰਗਿਆਂ ਨਾਲ ਜੁੜੇ ਇਕ ਹੋਰ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤਿਹਾੜ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕੁਮਾਰ ਨੂੰ ਬਰੀ ਕਰਨ ਦੇ ਹੇਠਲੀ ਅਦਾਲਤ ਦੇ ਹੁਕਮ ਵਿਰੁਧ ਅਪੀਲ ਕਰਨ ਲਈ ਹਾਈ ਕੋਰਟ ਤੋਂ ਇਜਾਜ਼ਤ ਮੰਗੀ ਹੈ, ਜਿਸ ’ਤੇ ਜਸਟਿਸ ਪ੍ਰਤਿਭਾ ਐਮ. ਸਿੰਘ ਅਤੇ ਜਸਟਿਸ ਅਮਿਤ ਸ਼ਰਮਾ ਦੀ ਬੈਂਚ ਨੇ ਕੁਮਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਬੈਂਚ ਨੇ ਇਕ ਗਵਾਹ ਸ਼ੀਲਾ ਕੌਰ ਵਲੋਂ ਹੁਕਮ ਵਿਰੁਧ ਦਾਇਰ ਅਪੀਲ ’ਤੇ ਕੁਮਾਰ ਨੂੰ ਨੋਟਿਸ ਵੀ ਜਾਰੀ ਕੀਤਾ। ਜ਼ਿਕਰਯੋਗ ਹੈ ਕਿ 20 ਸਤੰਬਰ, 2023 ਨੂੰ ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਕੁਮਾਰ ਨੂੰ ‘ਸ਼ੱਕ ਦਾ ਲਾਭ’ ਦਿੰਦੇ ਹੋਏ ਬਰੀ ਕਰ ਦਿਤਾ ਸੀ ਅਤੇ ਕਿਹਾ ਸੀ ਕਿ ਸਰਕਾਰੀ ਵਕੀਲ ‘ਦੋਸ਼ੀਆਂ ਵਿਰੁਧ ਦੋਸ਼ਾਂ ਨੂੰ ਵਾਜਬ ਸ਼ੱਕ ਤੋਂ ਪਰੇ ਸਾਬਤ ਕਰਨ ’ਚ ਅਸਫਲ ਰਿਹਾ ਹੈ।’
ਹੇਠਲੀ ਅਦਾਲਤ ਨੇ ਦੋ ਹੋਰ ਮੁਲਜ਼ਮਾਂ ਵੇਦ ਪ੍ਰਕਾਸ਼ ਪਿਆਲ ਅਤੇ ਬ੍ਰਾਹਮਣਨੰਦ ਗੁਪਤਾ ਨੂੰ ਵੀ ਬਰੀ ਕਰ ਦਿਤਾ ਸੀ ਕਿਉਂਕਿ ਸਰਕਾਰੀ ਵਕੀਲ ਉਨ੍ਹਾਂ ਵਿਰੁਧ ਕਤਲ ਅਤੇ ਦੰਗਿਆਂ ਦੇ ਦੋਸ਼ ਸਥਾਪਤ ਕਰਨ ’ਚ ਅਸਫਲ ਰਿਹਾ ਸੀ। ਸੁਲਤਾਨਪੁਰੀ ’ਚ ਵਾਪਰੀ ਇਸ ਘਟਨਾ ਦੌਰਾਨ ਇਕ ਸਿੱਖ ਵਿਅਕਤੀ ਸੁਰਜੀਤ ਸਿੰਘ ਦੀ ਮੌਤ ਹੋ ਗਈ ਸੀ।