ਜਬਰ ਜਨਾਹ ਪੀੜਤਾ ਨੂੰ ਮਿਲਣ ਦੇਣ ਦੀ ਇਜਾਜ਼ਤ ਮੰਗੀ
ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਪ੍ਰਧਾਨ ਸਵਾਮੀ ਮਾਲੀਵਾਲ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਪੁਲਿਸ ਨੂੰ ਉਨ੍ਹਾਂ ਨੂੰ ਜਬਰ ਜਨਾਹ ਪੀੜਤਾ ਨਾਬਾਲਗ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਦਾ ਹੁਕਮ ਦੇਣ।
ਦੋਸ਼ ਹੈ ਕਿ ਦਿੱਲੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਬਾਲਗ ਕੁੜੀ ਨਾਲ ਜਬਰ ਜਨਾਹ ਕੀਤਾ ਹੈ। ਇਸ ਦੌਰਾਨ ਅਦਾਲਤ ਨੇ ਮੁਲਜ਼ਮ ਅਧਿਕਾਰੀ ਨੂੰ ਇਕ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਹੈ।
ਸ਼ਾਹ ਨੂੰ ਲਿਖੀ ਚਿੱਠੀ ’ਚ ਮਾਲੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਜ਼ਮ ਦੀ ਗ੍ਰਿਫ਼ਤਾਰੀ ’ਚ ਹੋਈ ਕਥਿਤ ਦੇਰੀ ਦੀ ਜਾਂਚ ਦਾ ਹੁਕਮ ਦੇਵੇ ਅਤੇ ਪੀੜਤਾ ਨੂੰ ਬਿਹਤਰ ਇਲਾਜ ਲਈ ਏਮਜ਼ ਹਸਪਤਾਲ ’ਚ ਭਰਤੀ ਕਰਨ ਦਾ ਹੁਕਮ ਦੇਣ। ਪੁਲਿਸ ਮੁਤਾਬਕ ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ’ਚ ਉਪ ਨਿਰਦੇਸ਼ਕ ਪ੍ਰੋਮੋਦੇਅ ਖਾਖਾ ਨੇ ਨਵੰਬਰ 2020 ਤੋਂ ਜਨਵਰੀ 2021 ਵਿਚਕਾਰ ਕੁੜੀ ਨਾਲ ਕਥਿਤ ਤੌਰ ’ਤੇ ਕਈ ਵਾਰੀ ਬਲਾਤਕਾਰ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ।
ਪੁਲਿਸ ਅਨੁਸਾਰ ਖਾਖਾ ਦੀ ਪਤਨੀ ਸੀਮਾ ਰਾਨੀ ਨੇ ਪੀੜਤਾ ਨੂੰ ਕਥਿਤ ਤੌਰ ’ਤੇ ਗਰਭ ਡੇਗਣ ਦੀ ਦਵਾਈ ਦਿਤੀ ਸੀ। ਖਾਖਾ ਅਤੇ ਸੀਮਾ ਰਾਨੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ’ਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਭੱਜਣ ਦੇ ਵੀ ਇਲਜ਼ਾਮ ਲੱਗੇ ਹਨ। ਮਾਲੀਵਾਲ ਨੇ ਕਿਹਾ ਕਿ ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੀੜਤਾ ਅਤੇ ਉਸ ਦੀ ਮਾਂ ਨਾਲ ਮਿਲਣ ਤੋਂ ਰੋਕਿਆ ਜਦਕਿ ਕੌਮੀ ਬਾਲ ਅਧਿਕਾਰ ਸੁਰਖਿਆ ਕਮਿਸ਼ਨ (ਐਨ.ਸੀ.ਪੀ.ਸੀ.ਆਰ.) ਦੀ ਪ੍ਰਧਾਨ ਨੂੰ ਪੀੜਤਾ ਦੀ ਮਾਂਤ ਨਾਲ ਗੱਲਬਾਤ ਕਰਨ ਦਿਤਾ।
ਚਿੱਠੀ ’ਚ ਮਾਲੀਵਾਲ ਨੇ ਕਿਹਾ, ‘‘ਇਹ ਬਹੁਤ ਮੰਦਭਾਗੀ ਗੱਲ ਹੈ ਕਿ ਹਸਪਤਾਲ ਦੇ ਬਾਹਰ 24 ਘੰਟੇ ਉਡੀਕ ਕਰਨ ਅਤੇ ਇੱਥੇ ਸੌਣ ਦੇ ਬਾਵਜੂਦ, ਦਿੱਲੀ ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਮੈਨੂੰ ਪੀੜਤਾ ਜਾਂ ਉਸ ਦੇ ਪਰਿਵਾਰ ਨੂੰ ਮਿਲਣ ਨਹੀਂ ਦਿਤਾ।’’ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਮੈਨੂੰ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਨਹੀਂ ਦਿਤਾ ਗਿਆ। ਇਹ ਦਿੱਲੀ ਪੁਲਿਸ ਅਤੇ ਨਿੱਜੀ ਹਸਪਤਾਲ ਵਲੋਂ ਗੈਰ-ਕਾਨੂੰਨੀ ਕਾਰਵਾਈ ਹੈ।
ਮਾਲੀਵਾਲ ਸੋਮਵਾਰ ਸਵੇਰੇ ਇਹ ਦਾਅਵਾ ਕਰਦੇ ਹੋਏ ਧਰਨੇ ’ਤੇ ਬੈਠ ਗਿਆ ਕਿ ਉਸ ਨੂੰ ਪੀੜਤਾ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀ ਦਿੱਲੀ ਮਹਿਲਾ ਕਮਿਸ਼ਨ ਨੂੰ ਕੰਮ ਕਰਨ ਤੋਂ ਰੋਕਣ ਲਈ ‘ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ’ ਕਰ ਰਹੇ ਹਨ। ਉਨ੍ਹਾਂ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਪੁਲਿਸ ਨੂੰ ਹੁਕਮ ਦੇਣ ਕਿ ਉਨ੍ਹਾਂ ਨੂੰ ਲੜਕੀ ਜਾਂ ਉਸ ਦੀ ਮਾਂ ਨੂੰ ਮਿਲਣ ਦੀ ਇਜਾਜ਼ਤ ਦਿਤੀ ਜਾਵੇ ਤਾਂ ਜੋ ਦਿੱਲੀ ਮਹਿਲਾ ਕਮਿਸ਼ਨ ਉਨ੍ਹਾਂ ਦੀ ਮਦਦ ਕਰ ਸਕੇ।
ਮਾਲੀਵਾਲ ਨੇ ਸ਼ਾਹ ਨੂੰ ਇਹ ਪਤਾ ਲਾਉਣ ਲਈ ਜਾਂਚ ਦੇ ਹੁਕਮ ਦੇਣ ਲਈ ਕਿਹਾ ਕਿ ਦਿੱਲੀ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ’ਚ ਦੇਰੀ ਕਿਉਂ ਕੀਤੀ। ਉਨ੍ਹਾਂ ਪੀੜਤਾ ਨੂੰ ਬਿਹਤਰ ਇਲਾਜ ਲਈ ਏਮਜ਼ ’ਚ ਤੁਰਤ ਤਬਦੀਲ ਕਰਨ ਦੀ ਮੰਗ ਵੀ ਕੀਤੀ।