ਕਿਹਾ, ਕਿਸਾਨਾਂ ਦੇ ਹਿੱਤ ’ਚ ਸਰਕਾਰ ਮਹਾਰਾਸ਼ਟਰ, ਮੱਧ ਪ੍ਰਦੇਸ਼ ’ਚ 2410 ਰੁਪਏ ਪ੍ਰਤੀ ਕੁਇੰਟਲ ’ਤੇ ਖ਼ਰੀਦ ਰਹੀ ਹੈ ਪਿਆਜ਼
ਨਵੀਂ ਦਿੱਲੀ: ਖਪਤਕਾਰ ਮਾਮਲਿਆਂ ਦੇ ਮੰਤਰੀ ਪੀਊਸ਼ ਗੋਇਲ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਕੁਝ ‘ਸਿਆਸੀ ਵਿਰੋਧੀ’ ਪਿਆਜ਼ ’ਤੇ ਲਾਈ ਡਿਊਟੀ ਨੂੰ ਲੈ ਕੇ ‘ਗ਼ਲਤ ਤਸਵੀਰ’ ਪੇਸ਼ ਕਰ ਰਹੇ ਹਨ।
ਸਰਕਾਰ ਨੇ ਕੀਮਤਾਂ ’ਚ ਵਾਧੇ ਦੇ ਸ਼ੰਕੇ ਵਿਚਕਾਰ ਘਰੇਲੂ ਉਪਲਬਧਤਾ ਵਧਾਉਣ ਲਈ 19 ਅਗੱਸਤ ਨੂੰ ਪਿਆਜ਼ ’ਤੇ 40 ਫ਼ੀ ਸਦੀ ਨਿਰਯਾਤ ਡਿਊਟੀ ਲਾਈ ਸੀ। ਇਹ ਨਿਰਯਾਤ ਡਿਊਟੀ 31 ਦਸੰਬਰ, 2023 ਤਕ ਪਿਆਜ਼ ’ਤੇ ਜਾਰੀ ਰਹੇਗੀ।
ਪੀਊਸ਼ ਨੇ ਕਿਸਾਨਾਂ ਨੂੰ ਚਿੰਤਾ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ‘ਬਫ਼ਰ ਸਟਾਕ’ ਲਈ 2410 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਪਿਆਜ਼ ਦੀ ਖ਼ਰੀਦ ਮੁੜ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਪਿਆਜ਼ ’ਤੇ ਨਿਰਯਾਤ ਡਿਊਟੀ ਲਾਉਣ ਦੇ ਨਾਲ ਹੀ ਸਰਕਾਰ ਨੇ ‘ਬਫ਼ਰ ਸਟਾਕ’ ਲਈ ਕਿਸਾਨਾਂ ਤੋਂ ਵਾਧੂ ਦੋ ਲੱਖ ਟਨ ਪਿਆਜ਼ ਖ਼ਰੀਦਣ ਦਾ ਫੈਸਲਾ ਕੀਤਾ।
ਗੋਇਲ ਨੇ ਕਿਹਾ, ‘‘ਅਜਿਹਾ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਕੀਤਾ ਗਿਆ। ਇਸ ਨਾਲ ਕਿਸਾਨਾਂ ਨੂੰ ਬਿਹਤਰ ਕੀਮਤ ਮਿਲੇਗੀ।’’
ਸਹਿਕਾਰੀ ਕਮੇਟੀਆਂ ਨੈਸ਼ਨਲ ਕੋ-ਆਪਰੇਟਿਵ ਕੰਜ਼ਿਊਮਰਸ ਫ਼ੈਡਰੇਸ਼ਨ ਆਫ਼ ਇੰਡੀਆ ਲਿਮਟਡ (ਐਨ.ਸੀ.ਸੀ.ਐਫ਼.) ਅਤੇ ਨੈਸ਼ਨਲ ਐਗਰੀਕਲਚਰਲ ਕੋ-ਆਪਰੇਟਿਵ ਮਾਰਕੀਟਿੰਗ ਫ਼ੈਡਰੇਸ਼ਨ ਆਫ਼ ਇੰਡੀਆ ਲਿਮਟਡ (ਨੈਫ਼ੇਡ) ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਪਿਆਜ਼ ਖ਼ਰੀਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖ਼ਰੀਦ 2410 ਰੁਪਏ ਪ੍ਰਤੀ ਕੁਇੰਟਲ ਦੀ ਨਿਰਧਾਰਤ ਦਰ ’ਤੇ ਕੀਤੀ ਜਾ ਰਹੀ ਹੈ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਵੀ ਕਿਹਾ ਕਿ ਮਹਾਰਾਸ਼ਟਰ ’ਚ ਨਾਸਿਕ ਅਤੇ ਅਹਮਦਨਗਰ ’ਚ ਵਿਸ਼ੇਸ਼ ਖ਼ਰੀਦ ਕੇਂਦਰ ਸਥਾਪਤ ਕੀਤੇ ਜਾਣਗੇ।