
ਸੂਬੇ ਦੇ 12 ’ਚੋਂ ਅੱਠ ਜ਼ਿਲ੍ਹਿਆਂ ’ਚ 28 ਅਗੱਸਤ ਤਕ ਮੀਂਹ ਪੈਣ ਦੀ ਭਵਿੱਖਬਾਣੀ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਮੰਗਲਵਾਰ ਨੂੰ ਮੀਂਹ ਪਿਆ। ਸਥਾਨਕ ਮੌਸਮ ਦਫ਼ਤਰ ਨੇ ਰਾਤ ਵੇਲੇ ਰਾਜ ਦੇ 12 ’ਚੋਂ ਅੱਠ ਜ਼ਿਲ੍ਹਿਆਂ ’ਚ ‘ਬਹੁਤ ਜ਼ਿਆਦਾ ਮੀਂਹ’’ ਦੀ ਭਵਿੱਖਬਾਣੀ ਕਰਦੇ ਹੋਏ ‘ਰੈੱਡ ਅਲਰਟ’ ਜਾਰੀ ਕੀਤਾ ਹੈ।
ਮੌਸਮ ਵਿਭਾਗ ਨੇ ਬਿਲਾਸਪੁਰ, ਹਮੀਰਪੁਰ, ਕੁੱਲੂ, ਮੰਡੀ, ਸ਼ਿਮਲਾ, ਸੋਲਨ, ਸਿਰਮੌਰ ਅਤੇ ਊਨਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਲਈ ਅਲਰਟ ਜਾਰੀ ਕੀਤਾ ਹੈ। ਮੰਗਲਵਾਰ ਨੂੰ ਹੋਈ ਬਾਰਿਸ਼ ਕਾਰਨ ਮੰਡੀ ’ਚ ਕੁਝ ਥਾਵਾਂ ’ਤੇ ਜ਼ਮੀਨ ਖਿਸਕ ਗਈ ਅਤੇ ਕੁਝ ਇਲਾਕਿਆਂ ’ਚ ਦਰੱਖਤ ਉਖੜ ਗਏ।
ਅੱਜ ਪਏ ਮੀਂਹ ਕਾਰਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਮਹੀਨੇ ਦੇ ਸ਼ੁਰੂ ’ਚ ਸ਼ਿਮਲਾ ’ਚ ਢਿੱਗਾਂ ਡਿਗਣ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਕਰੀਬ 80 ਲੋਕਾਂ ਦੀ ਮੌਤ ਹੋ ਚੁਕੀ ਹੈ।
ਮੌਸਮ ਵਿਭਾਗ ਨੇ ਬੁਧਵਾਰ ਅਤੇ ਵੀਰਵਾਰ ਨੂੰ ‘ਭਾਰੀ ਤੋਂ ਬਹੁਤ ਭਾਰੀ ਬਾਰਿਸ਼’ ਦੀ ਭਵਿੱਖਬਾਣੀ ਕਰਦੇ ਹੋਏ ਇਕ ਸੰਤਰੀ ਅਲਰਟ ਜਾਰੀ ਕੀਤਾ ਹੈ, ਜਦੋਂ ਕਿ 25 ਅਤੇ 26 ਅਗੱਸਤ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ ਇਕ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਨੇ ਸੂਬੇ ’ਚ 28 ਅਗੱਸਤ ਤਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।