
Himachal Tax: ਪਰ ਪੰਜਾਬ ਆਉਣ ’ਤੇ ਹਿਮਾਚਲੀਆਂ ਕੋਲੋਂ ਕਿਉਂ ਨਹੀਂ? : ਸੱਚਰ
Himachal Tax: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਭਗਵੰਤ ਪਾਲ ਸਿੰਘ ਸੱਚਰ ਹਲਕਾ ਮਜੀਠਾ ਨੇ ਜਨਤਕ ਹਿਤਾਂ ਵਿਚ ਸੱਤਾਧਾਰੀਆਂ ਦਾ ਧਿਆਨ ਇਕ ਅਹਿਮ ਮਸਲੇ ਵਿਚ ਕੇਂਦਰਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦਾ ਅਕਸਰ ਹੀ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿਚ ਆਉਣ ਜਾਣ ਦਾ ਪ੍ਰੋਗਰਾਮ ਬਣਿਆ ਹੀ ਰਹਿੰਦਾ ਹੈ ਚਾਹੇ ਉਹ ਕਿਸੇ ਅਪਣੇ ਰਿਸ਼ਤੇਦਾਰੀ , ਕਾਰੋਬਾਰੀ ਜਾਂ ਸੈਰ ਸਪਾਟੇ ਲਈ ਜਾਣਾ ਹੋਵੇ ਜਦ ਹਿਮਾਚਲ ਪ੍ਰਦੇਸ਼ ਵਿਚ ਪੰਜਾਬ ਦੀ ਗੱਡੀ ਦਾਖ਼ਲ ਹੋਣ ਲਗਦੀ ਹੈ ਤਾਂ ਪਹਿਲਾਂ ਰੋਕ ਲਿਆ ਜਾਂਦਾ ਹੈ ਤੇ ਮਾਲਕ ਕੋਲੋਂ ਹਿਮਾਚਲ ਸਰਕਾਰ ਭਾਰੀ ਟੈਕਸ ਵਸੂਲ ਕਰਦੀ ਹੈ ਤੇ ਫਿਰ ਗੱਡੀ ਨੂੰ ਹਿਮਾਚਲ ਵਿਚ ਦਾਖ਼ਲ ਹੋਣ ਦਿਤਾ ਜਾਂਦਾ ਹੈ ਪਰ ਐਨ ਉਸ ਦੇ ਉਲਟ ਜਦ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਸੜਕੀ ਰਸਤੇ ਪੰਜਾਬ ਵਿਚ ਦਾਖ਼ਲ ਹੁੰਦੀਆਂ ਹਨ ਤਾਂ ਇਨ੍ਹਾਂ ਕੋਲੋਂ ਪੰਜਾਬ ਸਰਕਾਰ ਕਿਸੇ ਵੀ ਕਿਸਮ ਦਾ ਟੈਕਸ ਵਸੂਲ ਨਹੀਂ ਕਰਦੀ? ਕੀ ਇਹ ਹਿਮਾਚਲ ਵਾਲੇ ਸਾਡੇ ਪੰਜਾਬ ਦੀਆਂ ਸੜਕਾਂ ਨੂੰ ਨਹੀਂ ਤੋੜਦੇ ਜਾਂ ਵਰਤਦੇ ਨੇ। ਫਿਰ ਇ੍ਹਨਾਂ ਕੋਲੋਂ ਸੜਕਾਂ ਦੀ ਸਾਂਭ ਸੰਭਾਲ ਲਈ ਟੈਕਸ ਦੇ ਰੂਪ ਵਿਚ ਕਿਉਂ ਨਹੀਂ ਪੈਸੇ ਲਏ ਜਾਂਦੇ?
ਇਕ ਹੀ ਦੇਸ਼ ਵਿਚ ਦੋਹਰੇ ਮਾਪਦੰਡ ਕਿਉਂ? ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਮੁੱਦੇ ’ਤੇ ਆਪਸੀ ਸਹਿਮਤੀ ਬਣਾਉਣੀ ਚਾਹੀਦੀ ਹੈ ਚਾਹੇ ਇਹ ਮੁੱਦਾ ਸਰਕਾਰ ਪੱਧਰ ’ਤੇ ਵਿਧਾਨ ਸਭਾ ਵਿਚ ਵੀ ਲਿਜਾਣਾ ਪਵੇ ਤਾਂ ਇਸ ਦੀਆਂ ਕਾਨੂੰਨ ਦੇ ਮਾਹਰਾਂ ਨਾਲ ਜਾਂ ਸੂਬੇ ਦੇ ਐਡਵੋਕੇਟ ਜਨਰਲ ਨਾਲ ਵਿਚਾਰ ਲਿਆ ਜਾਵੇ। ਵਰਨਣਯੋਗ ਹੈ ਕਿ ਹਿਮਾਚਲ ਵਾਲਿਆਂ ਨੇ ਦੇਸ਼ ਦੇ ਕਿਸੇ ਵੀ ਕੋਨੇ ਵਿਚ ਸੜਕੀ ਰਸਤੇ ਜਾਣਾ ਹੋਵੇ ਤਾਂ ਤਕਰੀਬਨ ਪੰਜਾਬ ਵਿਚੋਂ ਲੰਘ ਕੇ ਹੀ ਜਾਣਾ ਪਵੇਗਾ ਤਾਂ ਫਿਰ ਉਹ ਵੀ ਟੈਕਸ ਦੇ ਰੂਪ ਵਿਚ ਪੈਸੇ ਦੇਵੇ ਇਸ ਨਾਲ ਪੰਜਾਬ ਸਰਕਾਰ ਦਾ ਮਾਲੀਆ ਵਧੇਗਾ ਜਾਂ ਹਿਮਾਚਲ ਸਰਕਾਰ ਵੀ ਪੰਜਾਬ ਦੀਆਂ ਗੱਡੀਆਂ ਤੋਂ ਟੈਕਸ ਵਸੂਲਣਾ ਬੰਦ ਕਰੇ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਭਾਰੀ ਰਾਹਤ ਮਿਲੇਗੀ। ਲੋਕਾਂ ਦੀ ਮੰਗ ਅਨੁਸਾਰ ਇਸ ਨੂੰ ਤੁਰਤ ਲਾਗੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦਾ ਪੰਜਾਬ ਨਾਲ ਸੜਕੀ ਰਸਤੇ ਬਹੁਤ ਜ਼ਿਆਦਾ ਵਿਉਪਾਰ ਵੀ ਹੈ।
ਚਾਹੇ ਉਹ ਸੇਬਾਂ ਦਾ ਲੱਕੜ ਜਾਂ ਕਿਸੇ ਹੋਰ ਚੀਜ਼ ਦਾ ਹੈ। ਪੰਜਾਬ ਸਰਕਾਰ ਨੂੰ ਬਿਨਾਂ ਦੇਰੀ ਕੀਤਿਆਂ ਇਸ ਅਹਿਮ ਮੁੱਦੇ ’ਤੇ ਵਿਚਾਰ ਕਰਕੇ ਇਸ ਨੂੰ ਜਲਦ ਲਾਗੂ ਕਰ ਦੇਣਾ ਚਾਹੀਦਾ ਹੈ।