
ਲੇਹ ਤੋਂ ਪੂਰਬੀ ਲੱਦਾਖ ਜਾ ਰਹੀ ਸੀ ਯਾਤਰੀਆਂ ਨਾਲ ਭਰੀ ਬੱਸ
Ladakh Accident News : ਲੱਦਾਖ ਦੀ ਰਾਜਧਾਨੀ ਲੇਹ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿੱਜੀ ਬੱਸ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ ਹੈ। ਇਸ ਹਾਦਸੇ 'ਚ ਹੁਣ ਤੱਕ 6 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 22 ਤੋਂ ਵੱਧ ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਐਸਐਨਐਮ ਲੇਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਲੇਹ ਦੇ ਡਿਪਟੀ ਕਮਿਸ਼ਨਰ ਸੰਤੋਸ਼ ਸੁਕਦੇਵਾ ਨੇ ਦੱਸਿਆ ਕਿ ਯਾਤਰੀਆਂ ਨਾਲ ਭਰੀ ਬੱਸ ਲੇਹ ਤੋਂ ਪੂਰਬੀ ਲੱਦਾਖ ਜਾ ਰਹੀ ਸੀ। ਇਸ ਦੌਰਾਨ ਹਾਦਸਾ ਵਾਪਰ ਗਿਆ। ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਬੱਸ ਵਿੱਚ ਕੁੱਲ ਕਿੰਨੇ ਲੋਕ ਸਵਾਰ ਸਨ?
ਜਾਣਕਾਰੀ ਮੁਤਾਬਕ ਬੱਸ 'ਚ 28 ਲੋਕ ਸਵਾਰ ਸਨ। ਜਿਸ ਵਿੱਚ 2 ਬੱਚੇ ਅਤੇ 23 ਸਕੂਲ ਕਰਮਚਾਰੀ ਸ਼ਾਮਲ ਸਨ। ਜਦੋਂ ਬੱਸ ਲੇਹ ਤੋਂ ਡਰਬੁਕ ਜਾ ਰਹੀ ਸੀ ਤਾਂ ਡਰਾਈਵਰ ਨੇ ਸੰਤੁਲਨ ਗੁਆ ਦਿੱਤਾ ਅਤੇ ਡੂੰਘੀ ਖੱਡ ਵਿੱਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਸਵਾਰ ਲੋਕ ਕਿਸੇ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਸਨ।
ਹਾਦਸੇ ਤੋਂ ਬਾਅਦ ਚੀਕ ਚਿਹਾੜਾ ਮੱਚ ਗਿਆ ਅਤੇ ਸਥਾਨਕ ਲੋਕ ਉਨ੍ਹਾਂ ਨੂੰ ਬਚਾਉਣ ਲਈ ਭੱਜੇ। ਇਹ ਸਾਰਾ ਇਲਾਕਾ ਪਹਾੜੀ ਅਤੇ ਘਾਟੀ ਵਾਲਾ ਹੈ। ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਆਉਣਾ-ਜਾਣਾ ਬਹੁਤ ਮੁਸ਼ਕਲ ਹੈ। ਬਰਸਾਤ ਕਾਰਨ ਸੜਕਾਂ ਟੁੱਟ ਜਾਂਦੀਆਂ ਹਨ, ਜਿਸ ਕਾਰਨ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ।