
ਪੰਜ ਕਿਲੋ ਹੈਰੋਇਨ ਸਮੇਤ ਚਾਰ ਸਮੱਗਲਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ
ਅੰਮ੍ਰਿਤਸਰ: ਗੁਜਰਾਤ ATS ਨੇ ਅੰਮ੍ਰਿਤਸਰ ਦੇ ਖ਼ਤਰਨਾਕ ਸਮੱਗਲਰ ਸਿਮਰਨ ਸਿੰਘ ਸੰਧੂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ (RCN) ਜਾਰੀ ਕੀਤਾ ਹੈ। ਅੰਮ੍ਰਿਤਸਰ ਏਅਰਪੋਰਟ 'ਤੇ ਰਹਿਣ ਵਾਲਾ ਸਿਮਰਨ ਸੰਧੂ ਕਰੀਬ 10 ਸਾਲ ਪਹਿਲਾਂ ਇਟਲੀ ਚਲਾ ਗਿਆ ਸੀ ਅਤੇ ਉਥੋਂ ਸਮੁੰਦਰ ਰਾਹੀਂ ਹੈਰੋਇਨ ਦੀ ਵੱਡੀ ਖੇਪ ਭਾਰਤ ਭੇਜਣ ਦਾ ਕਾਰੋਬਾਰ ਕਰਨ ਲੱਗਾ। ਸੁਰੱਖਿਆ ਏਜੰਸੀਆਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਸਪੈਸ਼ਲ ਟਾਸਕ ਫੋਰਸ (ਪੰਜਾਬ) ਨੇ 30 ਜਨਵਰੀ 2021 ਦੀ ਰਾਤ ਨੂੰ ਅਕਾਲੀ ਆਗੂ ਅਨਵਰ ਮਸੀਹ ਦੇ ਘਰੋਂ 188 ਕਿਲੋਗ੍ਰਾਮ ਹੈਰੋਇਨ ਬਰਾਮਦ ਕਰ ਕੇ ਇੱਕ ਦਰਜਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
ਇਸ ਮਾਮਲੇ ਵਿਚ ਅਫ਼ਗਾਨ ਨਾਗਰਿਕ ਅਰਮਾਨ ਬਸ਼ਰਮਲ ਨੂੰ ਹੈਰੋਇਨ ਤਿਆਰ ਕਰਨ ਲਈ ਇੱਥੇ ਬੁਲਾਇਆ ਗਿਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਕਤ ਖੇਪ ਘਟਨਾ ਤੋਂ ਕੁਝ ਦਿਨ ਪਹਿਲਾਂ ਗੁਜਰਾਤ ਤੋਂ ਸੜਕ ਮਾਰਗ ਰਾਹੀਂ ਅੰਮ੍ਰਿਤਸਰ ਲਿਆਂਦੀ ਗਈ ਸੀ। ਇਸ ਸਬੰਧੀ ਇੱਥੋਂ ਗੁਜਰਾਤ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਏ ਸੀ। ਗੁਜਰਾਤ ਏਟੀਐੱਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਖੇਪ ਵਿੱਚੋਂ ਪੰਜ ਕਿਲੋ ਹੈਰੋਇਨ ਅਤੇ ਚਾਰ ਸਮੱਗਲਰਾਂ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਇਟਲੀ ਦੇ ਰਹਿਣ ਵਾਲੇ ਸਿਮਰਨ ਸਿੰਘ ਸੰਧੂ ਨੇ ਸਮੁੰਦਰ ਰਾਹੀਂ 500 ਕਿਲੋ ਹੈਰੋਇਨ ਗੁਜਰਾਤ ਭੇਜੀ ਸੀ। ਇਹ ਖੇਪ ਇੱਕ ਕੰਟੇਨਰ ਵਿਚ ਛੁਪਾ ਕੇ ਭੇਜੀ ਗਈ ਸੀ ਜਿਸ ਵਿਚ 300 ਕਿਲੋ ਹੈਰੋਇਨ ਰੱਖੀ ਹੋਈ ਸੀ। ਇਸ ਸਬੰਧੀ ਪੰਜਾਬ ਪੁਲਿਸ ਅਤੇ ਗੁਜਰਾਤ ਪੁਲਿਸ ਨੇ ਸਿਮਰਨ ਸੰਧੂ ਸਮੇਤ ਦੋ ਦਰਜਨ ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਜ਼ਿਕਰਯੋਗ ਹੈ ਕਿ ਐੱਸਟੀਐਫ਼ ਵੱਲੋਂ ਦੋ ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਕੇਸ ਦਾ ਚਲਾਨ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ ਨੌਂ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ।