
ਪੁਲਿਸ ਨੇ ਭਾਜਪਾ ਆਗੂਆਂ ਨੂੰ ਰੋਕਣ ਲਈ ਜਲ ਤੋਪਾਂ ਦਾ ਵੀ ਕੀਤਾ ਇਸਤੇਮਾਲ
ਚੰਡੀਗੜ੍ਹ : ਪੰਜਾਬ ਭਾਜਪਾ ਵੱਲੋਂ 'ਆਪਰੇਸ਼ਨ ਲੋਟਸ' ਦੇ ਮੁੱਦੇ 'ਤੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਅੱਜ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕੀਤਾ ਗਿਆ।
ਬੀਜੇਪੀ ਨੇਤਾਵਾਂ ਨੇ ਬੀਜੇਪੀ ਹੈੱਡਕੁਆਰਟਰ ਸੈਕਟਰ 37-ਏ ਤੋਂ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਲਈ ਮਾਰਚ ਕੀਤਾ। ਜਿਵੇਂ ਹੀ ਭਾਜਪਾ ਆਗੂ ਮੁੱਖ ਮੰਤਰੀ ਨਿਵਾਸ ਨੇੜੇ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਭਾਜਪਾ ਆਗੂ ਅੱਗੇ ਵਧਦੇ ਰਹੇ। ਭਾਜਪਾ ਆਗੂਆਂ ਨੂੰ ਰੋਕਣ ਲਈ ਪੁਲਿਸ ਨੂੰ ਜਲ ਤੋਪਾਂ ਦੀ ਵਰਤੋਂ ਕਰਨੀ ਪਈ। ਪੁਲਿਸ ਵੱਲੋਂ ਜਲ ਤੋਪਾਂ ਛੱਡਣ ਤੋਂ ਬਾਅਦ ਵੀ ਭਾਜਪਾ ਵਰਕਰ ਪਿੱਛੇ ਨਹੀਂ ਹਟੇ।
ਉਹ ਬੈਰੀਕੇਡਾਂ ਉੱਤੇ ਚੜ੍ਹ ਗਏ। ਇਸ ਦੌਰਾਨ ਪੁਲਿਸ ਅਤੇ ਭਾਜਪਾ ਵਰਕਰਾਂ ਵਿਚਾਲੇ ਬਹਿਸ ਹੋ ਗਈ। ਭਾਜਪਾ ਵਰਕਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ 'ਆਪਰੇਸ਼ਨ ਲੋਟਸ' ਖ਼ਿਲਾਫ਼ ਵਿਸ਼ੇਸ਼ ਇਜਲਾਸ ਸੱਦ ਕੇ ਪੰਜਾਬ ਸਰਕਾਰ ਸਿਰਫ ਨੌਟੰਕੀ ਕਰ ਰਹੀ ਹੈ। ਪੁਲਿਸ ਨੇ ਭਾਜਪਾ ਆਗੂਆਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ। ਇਸ ਦੌਰਾਨ ਕੁਝ ਵਰਕਰ ਜ਼ਖਮੀ ਵੀ ਹੋ ਗਏ। ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਗ੍ਰਿਫਤਾਰੀ ਦਿੱਤੀ।