
ਫੈਕਟਰੀ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ
Fire in Kanpur : ਯੂਪੀ ਦੇ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਇੱਕ ਉਦਯੋਗਿਕ ਖੇਤਰ ਵਿੱਚ ਗੱਦਾ ਬਣਾਉਣ ਵਾਲੀ ਇੱਕ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਾਨਪੁਰ ਦੇਹਾਤ ਦੇ ਪੁਲਿਸ ਸੁਪਰਡੈਂਟ (ਐਸਪੀ) ਬੀਬੀਜੀਟੀਐਸ ਮੂਰਤੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ। ਉਨ੍ਹਾਂ ਨੇ ਫੋਨ 'ਤੇ ਦੱਸਿਆ ਕਿ ਸ਼ਨੀਵਾਰ ਨੂੰ ਰਣੀਆ ਦੇ ਖਾਨਪੁਰ ਖਡੰਜਾ ਰੋਡ 'ਤੇ ਆਰਪੀ ਪੋਲੀ ਪਲਾਸਟ ਪ੍ਰਾਈਵੇਟ ਲਿਮਟਿਡ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ ਵਿੱਚ ਇੱਕ ਐਲਪੀਜੀ ਗੈਸ ਸਿਲੰਡਰ ਫਟ ਗਿਆ ਅਤੇ ਛੱਤ ਡਿੱਗ ਗਈ।
ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਡਾਇਰੈਕਟਰ ਸ਼ਿਸ਼ਿਰ ਗਰਗ ਨੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਤਿੰਨ ਕਿਸ਼ੋਰ ਮਜ਼ਦੂਰਾਂ ਦੀਆਂ ਪੂਰੀ ਤਰ੍ਹਾਂ ਸੜ ਚੁੱਕੀਆਂ ਲਾਸ਼ਾਂ ਬਰਾਮਦ ਕੀਤੀਆਂ।
ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਨੂੰ ਅਮਿਤ (19) ਨਾਮਕ ਮਜ਼ਦੂਰ ਨੇ ਲਾਲਾ ਲਾਜਪਤ ਰਾਏ (ਐਲਐਲਆਰ) ਹਸਪਤਾਲ ਵਿੱਚ ਦਮ ਤੋੜ ਦਿੱਤਾ, ਜਦੋਂ ਕਿ ਅਜੀਤ (16) ਅਤੇ ਵਿਸ਼ਾਲ (20) ਨੇ ਲਖਨਊ ਦੇ ਐਸਜੀਪੀਜੀਆਈ ਵਿੱਚ ਆਖਰੀ ਸਾਹ ਲਏ।
ਐਸਪੀ ਨੇ ਦੱਸਿਆ ਕਿ ਮਨੋਜ (18), ਪ੍ਰਿਯਾਂਸ਼ੂ (19) ਅਤੇ ਲਵ-ਕੁਸ਼ (19) ਅਜੇ ਵੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਗੰਭੀਰ ਰੂਪ ਵਿੱਚ ਝੁਲਸੇ ਹੋਏ ਲੋਕਾਂ ਨੂੰ ਲਾਲਾ ਲਾਜਪਤ ਰਾਏ (ਐੱਲ.ਐੱਲ.ਆਰ.) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮਜ਼ਦੂਰਾਂ ਨੂੰ ਲਖਨਊ ਦੇ ਐਸਜੀਪੀਜੀਆਈ ਭੇਜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਫੈਕਟਰੀ ਦੇ ਤਿੰਨਾਂ ਡਾਇਰੈਕਟਰਾਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਇਸ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।