
CM ਭਗਵੰਤ ਮਾਨ ਸਮੇਤ 18 ਸੂਬਿਆਂ ਦੇ ਮੁੱਖ ਮੰਤਰੀ ਅਤੇ DGP ਕਰਨਗੇ ਵਿਚਾਰ ਚਰਚਾ
ਗ੍ਰਹਿ ਮੰਤਰੀ ਅਮਿਤ ਸ਼ਾਹ 27 ਤੇ 28 ਅਕਤੂਬਰ ਨੂੰ ਕਰਨਗੇ ਮੀਟਿੰਗ ਦੀ ਪ੍ਰਧਾਨਗੀ
ਨਵੀਂ ਦਿੱਲੀ : ਪੂਰੇ ਦੇਸ਼ ਵਿਚ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ, DGP , ਗ੍ਰਹਿ ਸਕੱਤਰ ਅਤੇ ਅੰਦਰੂਨੀ ਸੁਰੱਖਿਆ ਨਾਲ ਜੁੜੇ ਉੱਚ ਅਹੁਦੇਦਾਰਾਂ ਦੀ ਸੂਰਜ ਕੁੰਡ ਦੇ ਰਾਜ ਹੰਸ ਹੋਟਲ ਵਿਚ 27 ਅਤੇ 28 ਅਕਤੂਬਰ ਨੂੰ ਬੈਠਕ ਹੋਵੇਗੀ। ਇਸ ਵਿਚ ਸੂਬਿਆਂ ਦੀ ਸੁਰੱਖਿਆ ਨੂੰ ਪੁਖਤਾ ਕਰਨ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਦੀ ਪ੍ਰਧਾਨਗੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ 18 ਸੂਬਿਆਂ ਦੇ ਮੁੱਖ ਮੰਤਰੀ ਵੀ ਹਿੱਸਾ ਲੈਣਗੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਾਰੀ ਕਵਾਇਦ ਕਾਮਨ ਸਿਵਲ ਕੋਡ ਲਿਆਉਣ ਲਈ ਕੀਤੀ ਜਾ ਰਹੀ ਹੈ। ਇਹ ਦੋ ਰੋਜ਼ਾ ਬੈਠਕ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੀਆਂ ਬੈਠਕਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਬੈਠਕ ਵਿਚ ਸਾਰੇ ਸੂਬਿਆਂ ਦੇ ਪ੍ਰਤੀਨਿਧ ਹਿੱਸਾ ਲੈਣਗੇ ਅਤੇ ਉਨ੍ਹਾਂ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ ਹੈ। ਅਜਿਹੇ 18 ਸੂਬੇ ਹਨ ਜਿਥੇ ਮੁੱਖ ਮੰਤਰੀਆਂ ਕੋਲ ਗ੍ਰਹਿ ਵਿਭਾਗ ਹੈ।
ਇਸ ਤੋਂ ਇਲਾਵਾ ਸੂਬੇ ਦੇ ਸਾਰੇ ਗ੍ਰਹਿ ਮੰਤਰੀ, ਸਬੰਧਿਤ ਸੂਬੇ ਦੇ ਪੁਲਿਸ ਕਮਿਸ਼ਨਰ, ਗ੍ਰਹਿ ਸਕੱਤਰ, ਖੂਫੀਆ ਏਜੰਸੀਆਂ ਦੇ ਮੁਖੀ, ਕੇਂਦਰ ਸਰਕਾਰ ਵਲੋਂ ਸੀ.ਆਰ.ਪੀ.ਐਫ., ਬੀ.ਐਸ.ਐਫ. ਸੀ.ਆਈ.ਐਸ.ਐਫ, ਆਈ.ਟੀ.ਬੀ.ਪੀ ਸਮੇਤ ਹੋਰ ਸੁਰੱਖਿਆ ਏਜੰਸੀਆਂ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋ ਰਹੇ ਹਨ। ਇਸ ਉੱਚ ਪੱਧਰੀ ਮੀਟਿੰਗ ਵਿਚ ਸੰਵੇਦਨਸ਼ੀਲ ਸੂਬਿਆਂ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੇ ਹੱਲਾਂ 'ਤੇ ਵਿਚਾਰ ਮਸ਼ਵਰਾ ਕੀਤਾ ਜਾਵੇਗਾ।