
ਸੁਣਵਾਈ ਦੌਰਾਨ ਅਦਾਲਤ 'ਚ ਪੇਸ਼ ਨਾ ਹੋਣ 'ਤੇ ਲੱਗਿਆ 5 ਹਜ਼ਾਰ ਜੁਰਮਾਨਾ
ਹੁਣ ਵੀ ਪੇਸ਼ ਨਾ ਹੋਏ ਤਾਂ ਜਾਰੀ ਹੋ ਸਕਦਾ ਹੈ ਗ੍ਰਿਫ਼ਤਾਰੀ ਵਰੰਟ
ਅੰਬਾਲਾ : ਹਿਸਾਰ ਵਿੱਚ ਛੇੜਛਾੜ ਅਤੇ ਐਸਸੀ/ਐਸਟੀ ਐਕਟ ਦੇ ਇੱਕ ਮਾਮਲੇ ਵਿੱਚ, ਅਦਾਲਤ ਨੇ ਸੁਣਵਾਈ ਲਈ ਪੇਸ਼ ਨਾ ਹੋਣ ਕਾਰਨ ਹਿਸਾਰ ਦੇ ਤਤਕਾਲੀ ਡੀਐਸਪੀ ਜੋਗਿੰਦਰ ਸ਼ਰਮਾ ਨੂੰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਜੋਗਿੰਦਰ ਸ਼ਰਮਾ ਇਸ ਸਮੇਂ ਅੰਬਾਲਾ ਵਿੱਚ ਤੈਨਾਤ ਹਨ। ਅਦਾਲਤ ਨੇ ਪੇਸ਼ੀ ’ਤੇ ਹਾਜ਼ਰ ਨਾ ਹੋਣ ’ਤੇ ਡੀਐਸਪੀ ’ਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ।
ਜੋਗਿੰਦਰ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਵੀ ਰਹਿ ਚੁੱਕੇ ਹਨ। ਐਡਵੋਕੇਟ ਰਜਤ ਕਲਸਨ ਨੇ ਕਿਹਾ ਕਿ ਜੇਕਰ ਡੀਐਸਪੀ ਇਸ ਵਾਰ ਫਿਰ ਪੇਸ਼ ਨਹੀਂਹੁੰਦੇ ਤਾਂ ਅਦਾਲਤ ਡੀਐਸਪੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ 10 ਜੁਲਾਈ 2021 ਨੂੰ ਆਜ਼ਾਦ ਨਗਰ ਥਾਣੇ ਵਿੱਚ ਪਿੰਡ ਦੇ ਰਾਜੇਂਦਰ 'ਤੇ ਆਪਣੀ ਪਤਨੀ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ।
ਜਿਸ ਵਿੱਚ ਛੇੜਛਾੜ ਅਤੇ ਕੁੱਟਮਾਰ ਦੇ ਨਾਲ-ਨਾਲ SC/ST ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਸਨ। ਪੀੜਤ ਦਾ ਦੋਸ਼ ਹੈ ਕਿ ਮੁਲਜ਼ਮ ਨੌਜਵਾਨਾਂ ਨੇ ਆਗੂਆਂ ਨਾਲ ਜਾਣ-ਪਛਾਣ ਦਾ ਫਾਇਦਾ ਚੁੱਕਿਆ। ਉਸ ਨੇ ਜਾਂਚ ਅਧਿਕਾਰੀ ਡੀਐਸਪੀ ਜੋਗਿੰਦਰ ਸਿੰਘ ਨਾਲ ਮਿਲ ਕੇ ਐਸਸੀ-ਐਸਟੀ ਐਕਟ ਦੀਆਂ ਧਾਰਾਵਾਂ ਨੂੰ ਕੇਸ ਵਿੱਚੋਂ ਹਟਾ ਦਿੱਤਾ।
ਪਟੀਸ਼ਨਕਰਤਾ ਵੱਲੋਂ ਵਕੀਲ ਰਜਤ ਕਲਸਨ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ। ਜਿਸ ਤੋਂ ਬਾਅਦ ਡੀਐਸਪੀ ਜੋਗਿੰਦਰ 4 ਵਾਰ ਸੁਣਵਾਈ ਦੌਰਾਨ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਸ਼ੁੱਕਰਵਾਰ ਨੂੰ ਵੀ ਡੀਐਸਪੀ ਅਦਾਲਤ ਵਿੱਚ ਪੇਸ਼ੀ ਦੌਰਾਨ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਅਦਾਲਤ ਨੇ ਪੰਜ ਹਜ਼ਾਰ ਰੁਪਏ ਜੁਰਮਾਨਾ ਲਗਾ ਕੇ ਡੀਐਸਪੀ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਐਸਪੀ ਅੰਬਾਲਾ ਨੂੰ ਡੀਐਸਪੀ ਜੋਗਿੰਦਰ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।