
ਇਸ ਦੇਸ਼ ਵਿਚ ਇੱਕ ਅਜਿਹਾ ਧਰਮ, ਸੰਸਕ੍ਰਿਤੀ ਹੈ ਜੋ ਸਾਰੇ ਸੰਪਰਦਾਵਾਂ ਅਤੇ ਵਿਸ਼ਵਾਸਾਂ ਦਾ ਸਤਿਕਾਰ ਕਰਦੀ ਹੈ। ਉਹ ਧਰਮ ਹਿੰਦੂ ਧਰਮ ਹੈ
ਨਵੀਂ ਦਿੱਲੀ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਸ ਮੁੱਦੇ 'ਤੇ ਇਜ਼ਰਾਈਲ ਅਤੇ ਹਮਾਸ ਲੜ ਰਹੇ ਹਨ, ਉਸ ਮੁੱਦੇ 'ਤੇ ਭਾਰਤ 'ਚ ਕਦੇ ਲੜਾਈ ਨਹੀਂ ਹੋਈ।
ਉਹਨਾਂ ਨੇ ਕਿਹਾ ਕਿ ਇਹ ਹਿੰਦੂਆਂ ਦਾ ਦੇਸ਼ ਹੈ, ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਇਸ ਦੇਸ਼ ਵਿਚ ਇੱਕ ਅਜਿਹਾ ਧਰਮ, ਸੰਸਕ੍ਰਿਤੀ ਹੈ ਜੋ ਸਾਰੇ ਸੰਪਰਦਾਵਾਂ ਅਤੇ ਵਿਸ਼ਵਾਸਾਂ ਦਾ ਸਤਿਕਾਰ ਕਰਦੀ ਹੈ। ਉਹ ਧਰਮ ਹਿੰਦੂ ਧਰਮ ਹੈ। ਮੋਹਨ ਭਾਗਵਤ ਸ਼ਨੀਵਾਰ ਨੂੰ ਨਾਗਪੁਰ ਦੇ ਇਕ ਸਕੂਲ 'ਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਤਾਜਪੋਸ਼ੀ ਦੇ 350 ਸਾਲ ਪੂਰੇ ਹੋਣ 'ਤੇ ਆਯੋਜਿਤ ਪ੍ਰੋਗਰਾਮ 'ਚ ਬੋਲ ਰਹੇ ਸਨ।
ਉਹਨਾਂ ਨੇ ਕਿਹਾ- ਤੁਸੀਂ ਸਾਰੀ ਦੁਨੀਆ ਵੇਖਦੇ ਹੋ। ਹਰ ਪਾਸੇ ਲੜਾਈ ਹੁੰਦੀ ਹੈ। ਤੁਸੀਂ ਰੂਸ-ਯੂਕਰੇਨ ਯੁੱਧ, ਹਮਾਸ-ਇਜ਼ਰਾਈਲ ਯੁੱਧ ਬਾਰੇ ਸੁਣਿਆ ਹੋਵੇਗਾ। ਸਾਡੇ ਦੇਸ਼ ਵਿਚ ਅਜਿਹੇ ਮੁੱਦਿਆਂ 'ਤੇ ਕਦੇ ਲੜਾਈ ਨਹੀਂ ਹੋਈ। ਇਸ ਤਰ੍ਹਾਂ ਦੀ ਸਥਿਤੀ ਸ਼ਿਵਾਜੀ ਮਹਾਰਾਜ ਦੇ ਸਮੇਂ ਪੈਦਾ ਹੋਈ ਸੀ, ਪਰ ਅਸੀਂ ਧਰਮ ਦੇ ਮੁੱਦੇ 'ਤੇ ਨਹੀਂ ਲੜੇ, ਕਿਉਂਕਿ ਅਸੀਂ ਹਿੰਦੂ ਹਾਂ ਅਤੇ ਕੋਈ ਹਿੰਦੂ ਹੀ ਅਜਿਹਾ ਸੋਚ ਸਕਦਾ ਹੈ।
ਮੋਹਨ ਭਾਗਵਤ ਨੇ ਅੱਗੇ ਕਿਹਾ ਕਿ- ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਾਕੀ ਸਾਰੇ (ਧਰਮਾਂ) ਨੂੰ ਰੱਦ ਕਰਦੇ ਹਾਂ। ਇਹ ਕਹਿਣ ਦੀ ਲੋੜ ਹੈ ਕਿ ਅਸੀਂ ਮੁਸਲਮਾਨਾਂ ਦੀ ਰੱਖਿਆ ਵੀ ਕੀਤੀ ਹੈ। ਅਜਿਹਾ ਸਿਰਫ਼ ਹਿੰਦੂ ਹੀ ਕਰਦੇ ਹਨ। ਅਜਿਹਾ ਸਿਰਫ਼ ਭਾਰਤ ਹੀ ਕਰਦਾ ਹੈ। ਦੂਜਿਆਂ ਨੇ ਅਜਿਹਾ ਨਹੀਂ ਕੀਤਾ ਹੈ।