
PAK ਦੇ F-16 ਲੜਾਕੂ ਜਹਾਜ਼ ਨੂੰ ਮਾਰੀ ਸੀ ਗੋਲੀ
ਨਵੀਂ ਦਿੱਲੀ : ਭਾਰਤੀ ਵਾਯੂ ਸੈਨਾ ਦੇ ਵਿੰਗ ਕਮਾਂਡਰ (ਹੁਣ ਗਰੁੱਪ ਕੈਪਟਨ) ਅਭਿਨੰਦਨ ਵਰਧਮਾਨ ਨੂੰ ਅੱਜ 'ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਅਭਿਨੰਦਨ ਵਰਧਮਾਨ ਨੇ 27 ਫਰਵਰੀ, 2019 ਨੂੰ ਇਕ ਹਵਾਈ ਯੁੱਧ ਵਿਚ ਪਾਕਿਸਤਾਨੀ ਹਵਾਈ ਸੈਨਾ ਦੇ ਇਕ F-16 ਲੜਾਕੂ ਜਹਾਜ਼ ਨੂੰ ਡੇਗਣ ਵਿਚ ਸਫਲਤਾ ਹਾਸਲ ਕੀਤੀ ਸੀ।
Abhinandan Varthman
ਇਸ ਲਈ ਅੱਜ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਸ ਸਨਮਾਨ ਨਾਲ ਸਨਮਾਨਿਤ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ। ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ਦੇ ਐੱਫ-16 ਨੂੰ ਗੋਲੀ ਮਾਰ ਦਿਤੀ ਸੀ।
ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ, ਪਾਕਿਸਤਾਨ ਦੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫ਼ਲੇ 'ਤੇ ਫਿਦਾਇਨ ਹਮਲਾ ਕੀਤਾ ਸੀ। ਇਸ ਹਮਲੇ 'ਚ 40 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦਾ ਢੁੱਕਵਾਂ ਜਵਾਬ ਦੇਣ ਲਈ ਭਾਰਤੀ ਹਵਾਈ ਸੈਨਾ ਨੇ 26-27 ਫਰਵਰੀ ਦੀ ਰਾਤ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਹਵਾਈ ਹਮਲਾ ਕੀਤਾ। ਭਾਰਤ ਦੇ ਇਸ ਹਵਾਈ ਹਮਲੇ ਵਿਚ ਪਾਕਿਸਤਾਨ ਵਿੱਚ ਬੈਠੇ 300 ਤੋਂ ਵੱਧ ਅਤਿਵਾਦੀ ਮਾਰੇ ਗਏ ਸਨ।
Abhinandan Varthaman
27 ਫਰਵਰੀ ਨੂੰ, ਹਵਾਈ ਹਮਲੇ ਦੇ ਅਗਲੇ ਦਿਨ, ਪਾਕਿਸਤਾਨ ਦੀ ਹਵਾਈ ਸੈਨਾ ਨੇ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਹਵਾਈ ਸੈਨਾ ਨੇ ਉਸ ਨੂੰ ਭਜਾ ਦਿਤਾ। ਉਸ ਸਮੇਂ ਵਿੰਗ ਕਮਾਂਡਰ ਅਭਿਨੰਦਨ ਮਿਗ-21 ਉਡਾ ਰਹੇ ਸਨ। ਉਸ ਨੇ ਉਸੇ ਜਹਾਜ਼ ਤੋਂ ਪਾਕਿਸਤਾਨ ਦੇ ਐਫ-16 ਨੂੰ ਗੋਲੀ ਮਾਰ ਦਿਤੀ ਸੀ।
ਹਾਲਾਂਕਿ ਬਾਅਦ 'ਚ ਅਭਿਨੰਦਨ ਦਾ ਜਹਾਜ਼ ਪਾਕਿਸਤਾਨ ਦੀ ਸਰਹੱਦ 'ਚ ਕ੍ਰੈਸ਼ ਹੋ ਗਿਆ, ਜਿਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਭਾਰਤ ਦੇ ਦਬਾਅ ਹੇਠ ਪਾਕਿਸਤਾਨ ਨੇ ਕਰੀਬ 60 ਘੰਟਿਆਂ ਬਾਅਦ ਅਭਿਨੰਦਨ ਨੂੰ ਰਿਹਾਅ ਕਰ ਦਿਤਾ ਸੀ।
ਅਭਿਨੰਦਨ ਨੇ ਮਿਗ-21 ਤੋਂ ਐੱਫ-16 ਨੂੰ ਗੋਲੀ ਮਾਰ ਦਿਤੀ। ਇਸ ਕਾਰਨ ਦੁਨੀਆ ਭਰ 'ਚ ਉਨ੍ਹਾਂ ਦੀ ਤਾਰੀਫ ਹੋਈ। ਇਸ ਦਾ ਕਾਰਨ ਇਹ ਸੀ ਕਿ ਐੱਫ-16 ਬਹੁਤ ਹੀ ਉੱਨਤ ਲੜਾਕੂ ਜਹਾਜ਼ ਸੀ, ਜਿਸ ਨੂੰ ਅਮਰੀਕਾ ਨੇ ਬਣਾਇਆ ਸੀ। ਜਦੋਂ ਕਿ ਮਿਗ-21 60 ਸਾਲ ਪੁਰਾਣਾ ਰੂਸ ਦਾ ਬਣਿਆ ਜਹਾਜ਼ ਸੀ। ਭਾਰਤ ਨੇ 1970 ਵਿਚ ਰੂਸ ਤੋਂ ਮਿਗ-21 ਖ਼ਰੀਦਿਆ ਸੀ।