
ਦਸੰਬਰ 2024 ਦੇ ਅੰਤ ਤਕ ਹੋਣਗੀਆਂ ਚੋਣਾਂ
ਚੰਡੀਗੜ੍ਹ : ਜ਼ਿਮਨੀ ਚੋਣਾਂ ਖ਼ਤਮ ਹੁੰਦਿਆਂ ਹੀ ਪੰਜਾਬ ਵਿਚ ਲੰਮੇ ਸਮੇਂ ਤੋਂ ਲਟਕ ਰਹੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦਾ ਐਲਾਨ ਹੋ ਗਿਆ ਹੈ। ਇਹ ਚੋਣਾਂ ਦਸੰਬਰ ਦੇ ਆਖ਼ਰੀ ਹਫ਼ਤੇ ਹੋਣਗੀਆਂ। ਇਸ ਸਬੰਧੀ ਅੱਜ ਸਥਾਨਕ ਸਰਕਾਰ ਵਿਭਾਗ ਵਲੋਂ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀਂ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਵਲੋਂ ਨੋਟੀਫ਼ੀਕੇਸ਼ਨ ਜਾਰੀ ਕਰਨ ਦਾ ਭਰੋਸਾ ਦਿਤੇ ਜਾਣ ਬਾਅਦ ਮਾਮਲੇ ਦਾ ਨਿਪਟਾਰਾ ਕਰ ਦਿਤਾ ਸੀ। 26 ਨਵੰਬਰ ਤਕ ਸਰਕਾਰ ਨੂੰ ਇਹ ਨੋਟੀਫ਼ੀਕੇਸ਼ਨ ਜਾਰੀ ਕਰਨ ਲਈ ਕਿਹਾ ਗਿਆ ਸੀ ਜਿਸ ਉਤੇ ਕਾਰਵਾਈ ਕਰਦਿਆਂ ਸਰਕਾਰ ਨੇ ਅੱਜ ਦੇਰ ਸ਼ਾਮ ਚੋਣਾਂ ਬਾਰੇ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ।
ਜਿਨ੍ਹਾਂ ਨਗਰ ਨਿਗਮਾਂ ਲਈ ਚੋਣਾਂ ਹੋਣਗੀਆਂ ਉਨ੍ਹਾਂ ’ਚ ਅੰਮ੍ਰਿਤਸਰ (ਜ਼ਿਲ੍ਹਾ ਅੰਮ੍ਰਿਤਸਰ), ਜਲੰਧਰ (ਜ਼ਿਲ੍ਹਾ ਜਲੰਧਰ), ਲੁਧਿਆਣਾ (ਜ਼ਿਲ੍ਹਾ ਲੁਧਿਆਣਾ), ਪਟਿਆਲਾ (ਜ਼ਿਲ੍ਹਾ ਪਟਿਆਲਾ), ਫਗਵਾੜਾ (ਜ਼ਿਲ੍ਹਾ ਕਪੂਰਥਲਾ) ਸ਼ਾਮਲ ਹਨ।
ਵੱਖ-ਵੱਖ ਨਗਰ ਨਿਗਮਾਂ ਦੇ ਵਿਸ਼ੇਸ਼ ਵਾਰਡਾਂ ਲਈ ਜ਼ਿਮਨੀ ਚੋਣਾਂ ਵੀ ਕਰਵਾਈਆਂ ਜਾਣਗੀਆਂ, ਜਿਨ੍ਹਾਂ ’ਚ ਬਠਿੰਡਾ (ਵਾਰਡ ਨੰਬਰ 48), ਬਟਾਲਾ (ਵਾਰਡ ਨੰਬਰ 24, ਐਸ.ਸੀ. ਰਾਖਵਾਂ), ਹੁਸ਼ਿਆਰਪੁਰ (ਵਾਰਡ ਨੰਬਰ 6, 7 (ਅਨੁਸੂਚਿਤ ਜਾਤੀ ਮਹਿਲਾ) ਅਤੇ 27 (ਔਰਤਾਂ)), ਅਬੋਹਰ (ਵਾਰਡ ਨੰਬਰ 22, ਐਸਸੀ ਰਾਖਵਾਂ) ਸ਼ਾਮਲ ਹਨ।
ਇਸ ਤੋਂ ਇਲਾਵਾ ਪੰਜਾਬ ਮਿਊਂਸਪਲ ਐਕਟ, 1911 ਦੇ ਸੈਕਸ਼ਨ 13-A ਤਹਿਤ ਪੰਜਾਬ ਦੇ ਰਾਜਪਾਲ ਵਲੋਂ ਜਾਰੀ ਹੁਕਮ ਅਨੁਸਾਰ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਮੈਂਬਰਾਂ ਦੀ ਚੋਣ ਲਈ ਵੀ ਆਮ ਚੋਣਾਂ ਅਤੇ ਵੱਖ-ਵੱਖ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕੁਝ ਵਾਰਡਾਂ ਦੀਆਂ ਜ਼ਿਮਨੀ ਚੋਣਾਂ ਦਾ ਵੀ ਐਲਾਨ ਕਰ ਦਿਤਾ ਗਿਆ ਹੈ, ਜੋ ਦਸੰਬਰ 2024 ਦੇ ਅੰਤ ਤੱਕ ਕਰਵਾਈਆਂ ਜਾਣਗੀਆਂ।
ਜਿਨ੍ਹਾਂ ਨਗਰ ਕੌਂਸਲ/ਨਗਰ ਪੰਚਾਇਤ ’ਚ ਆਮ ਚੋਣਾਂ ਕਰਵਾਈਆਂ ਜਾਣਗੀਆਂ ਉਨ੍ਹਾਂ ’ਚ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਜਾ ਸਾਂਸੀ, ਬਾਬਾ ਬਕਾਲਾ ਸਾਹਿਬ, ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ , ਪਠਾਨਕੋਟ ਦੇ ਨਰੋਟ ਜੈਮਲ ਸਿੰਘ, ਤਰਨ ਤਾਰਨ ਦੇ ਖੇਮਕਰਨ ਅਤੇ ਤਰਨ ਤਾਰਨ, ਬਠਿੰਡਾ ਦੇ ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ, ਮਾਨਸਾ ਦੇ ਭੀਖੀ ਅਤੇ ਸਰਦੁਲਗੜ੍ਹ, ਸ੍ਰੀ ਮੁਕਤਸਰ ਸਾਹਿਬ ਦੇ ਬੜੀਵਾਲਾ, ਫ਼ਿਰੋਜ਼ਪੁਰ ਦੇ ਮੱਖੂ ਮੱਲਾਂਵਾਲਾ ਖਾਸ, ਮੋਗਾ ਦੇ ਬਾਘਾ ਪੁਰਾਣਾ, ਧਰਮਕੋਟ ਅਤੇ ਫਤਿਹਗੜ੍ਹ ਪੰਜਤੂਰ, ਹੁਸ਼ਿਆਰਪੁਰ ਦੇ ਮਾਹਿਲਪੁਰ, ਤਲਵਾੜਾ, ਜਲੰਧਰ ਦੇ ਭੋਗਪੁਰ, ਗੋਰਾਇਆ, ਸ਼ਾਹਕੋਟ ਅਤੇ ਬਿਲਗਾ, ਕਪੂਰਥਲਾ ਦੇ ਬੇਗੋਵਾਲ, ਭੁਲੱਥ, ਢਿਲਵਾਂ, ਨਡਾਲਾ, ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ, ਫ਼ਤਹਿਗੜ੍ਹ ਸਾਹਿਬ ਦੇ ਅਮਲੋਹ, ਲੁਧਿਆਣਾ ਦੇ ਮੁੱਲਾਂਪੁਰ ਦਾਖਾ, ਸਾਹਨੇਵਾਲ, ਮਾਛੀਵਾੜਾ, ਮਲੌਦ, ਪਟਿਆਲਾ ਦੇ ਸਨੌਰ, ਘੱਗਾ, ਘਨੌਰ, ਦੇਵੀਗੜ੍ਹ, ਭਾਦਸੋਂ, ਬਰਨਾਲਾ ਦੇ ਹੰਡਿਆਇਆ, ਸੰਗਰੂਰ ਦੇ ਸੰਗਰੂਰ, ਚੀਮਾ, ਮੂਨਕ, ਖਨੌਰੀ, ਦਿੜ੍ਹਬਾ, ਐਸ.ਏ.ਐਸ. ਨਗਰ ਦੇ ਘੜੂੰਆਂ ਵਿਖੇ ਹੋਣਗੀਆਂ। ਇਸ ਤੋਂ ਇਲਾਵਾ 43 ਵੱਖੋ-ਵੱਖ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਵਾਰਡਾਂ ਲਈ ਜ਼ਿਮਨੀ ਚੋਣਾਂ ਵੀ ਹੋਣਗੀਆਂ।