
ਮੰਦਰ ਪ੍ਰਸ਼ਾਸਨ ਨੇ ਨਿਯਮਾਂ ਦਾ ਹਵਾਲਾ ਦੇ ਕੇ ਸਿਰਫ਼ ਡਾਟਾ ਵਾਪਸ ਕਰਨ ਦੀ ਪੇਸ਼ਕਸ਼ ਕੀਤੀ
ਚੇਨਈ : ਚੇਨਈ ’ਚ ਇਕ ਸ਼ਰਧਾਲੂ ਦਾ ਆਈਫ਼ੋਨ ਗ਼ਲਤੀ ਨਾਲ ਇਕ ਮੰਦਰ ਦੇ ਦਾਨਪਾਤਰ ’ਚ ਡਿੱਗ ਗਿਆ ਜਿਸ ਨੂੰ ਵਾਪਰ ਕਰਨ ਦੀ ਬੇਨਤੀ ਨੂੰ ਤਾਮਿਲਨਾਡੂ ਹਿੰਦੂ ਧਾਰਮਕ ਅਤੇ ਧਰਮਾਰਥ ਬੰਦੋਬਸਤ ਵਿਭਾਗ ਨੇ ਇਹ ਕਹਿ ਕੇ ਬੜੀ ਹਲੀਮੀ ਨਾਲ ਨਾਮਨਜ਼ੂਰ ਕਰ ਦਿਤਾ ਕਿ ਇਹ ਹੁਣ ਮੰਦਰੀ ਦੀ ਜਾਇਦਾਦ ਬਣ ਗਿਆ ਹੈ।
ਅਪਣੀ ਗ਼ਲਤੀ ਦਾ ਅਹਿਸਾਸ ਹੋਣ ਤੋਂ ਤੁਰਤ ਬਾਅਦ ਦਿਨੇਸ਼ ਨਾਮਕ ਸ਼ਰਧਾਲੂ ਨੇ ਤਿਰੂਪੁਰੂਰ ਸਥਿਤ ਸ੍ਰੀ ਕੰਡਾਸਵਾਮੀ ਮੰਦਰ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਅਪੀਲ ਕੀਤੀ ਕਿ ਦਾਨ ਕਰਦੇ ਸਮੇਂ ਅਨਜਾਣਪੁਣੇ ’ਚ ਦਾਨਪਾਤਰ ’ਚ ਡਿੱਗਿਆ ਫ਼ੋਨ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ। ਸ਼ੁਕਰਵਾਰ ਨੂੰ ਦਾਨਪਾਤਰ ਖੋਲ੍ਹਣ ਤੋਂ ਬਾਅਦ ਮੰਦਰ ਪ੍ਰਸ਼ਾਸਨ ਨੇ ਦਿਨੇਸ਼ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਫ਼ੋਨ ਮਿਲ ਗਿਆ ਹੈ ਅਤੇ ਉਨ੍ਹਾਂ ਨੂੰ ਫ਼ੋਨ ਦਾ ਸਿਰਫ਼ ਡਾਟਾ ਪ੍ਰਦਾਨ ਕੀਤਾ ਜਾ ਸਕਦਾ ਹੈ।
ਸਨਿਚਰਵਾਰ ਨੂੰ ਜਦੋਂ ਇਹ ਮਾਮਲਾ ਹਿੰਦੂ ਧਾਰਮਕ ਅਤੇ ਧਰਮ ਬਾਰੇ ਬੰਦੋਬਸਤ ਮੰਤਰੀ ਪੀ.ਕੇ. ਸ਼ੇਖਰ ਬਾਬੂ ਦੇ ਨੋਟਿਸ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਜਵਾਬ ਦਿਤਾ, ‘‘ਜੋ ਕੁਝ ਵੀ ਦਾਨਪੇਟੀ ’ਚ ਜਮਾਂ ਕਰਵਾਇਆ ਜਾਂਦਾ ਹੈ ਭਾਵੇਂ ਉਹ ਮਨਮਰਜ਼ੀ ਨਾਲ ਨਾ ਵੀ ਦਿਤਾ ਗਿਆ ਹੋਵੇ ਰੱਬ ਦੇ ਖਾਤੇ ’ਚ ਚਲਾ ਜਾਂਦਾ ਹੈ।’’
ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਬਾਰੇ ਚਰਚਾ ਕਰਨਗੇ ਕਿ ਕੀ ਸ਼ਰਧਾਲੂ ਨੂੰ ਮੁਆਵਜ਼ਾ ਦੇਣ ਦੀ ਕੋਈ ਸੰਭਾਵਨਾ ਹੈ ਜਾਂ ਨਹੀਂ। ਸੂਬੇ ’ਚ ਇਹ ਮਾਮਲਾ ਨਵਾਂ ਨਹੀਂ ਹੈ। 2023 ’ਚ ਅਲਪੁੱਝਾ ਦੀ ਸ਼ਰਧਾਲੂ ਐਸ. ਸੰਗੀਤਾ ਦੀ ਸੋਨੇ ਦੀ ਚੇਨ ਗ਼ਲਤੀ ਨਾਲ ਪਲਾਨੀ ਦੇ ਪ੍ਰਸਿੱਧ ਸ੍ਰੀ ਧਨਦਾਯੂਥਪਾਨੀ ਸਵਾਮੀ ਮੰਦਰ ਦੇ ਦਾਨਪਾਤਰ ‘ਚ ਡਿਗ ਗਈ ਸੀ। ਹਾਲਾਂਕਿ ਮੰਦਰ ਨੇ ਉਸ ਦੀ ਆਰਥਕ ਸਥਿਤੀ ਵੇਖਣ ਮਗਰੋਂ ਉਸ ਨੂੰ ਅਪਣੇ ਨਿਜੀ ਖ਼ਰਚ ’ਤੇ ਉਸੇ ਕੀਮਤ ਦੀ ਇਕ ਨਵੀਂ ਸੋਨੇ ਦੀ ਚੇਨ ਖ਼ਰੀਦ ਕੇ ਦਿਤੀ ਸੀ। (ਪੀਟੀਆਈ)