
ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ ਜ਼ਿਲ੍ਹੇ ਵਿੱਚ ਜ਼ਿਆਦਾਤਰ ਸੜਕਾਂ ਜਾਮ ਹੋ ਗਈਆਂ ਹਨ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ
ਸ਼ਿਮਲਾ : ਸ਼ਿਮਲਾ ਤੋਂ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਕੁੱਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਇਆ ਹੈ ਜਿਸ ਨਾਲ ਸ਼ਿਮਲਾ ਪੁਲਿਸ ਦੇ ਇੱਕ ਵਾਰ ਫਿਰ ਤੋਂ ਚਰਚੇ ਹੋ ਗਏ ਹਨ।
ਦਰਅਸਲ, ਹਿਮਾਚਲ ਪ੍ਰਦੇਸ਼ ਵਿੱਚ ਪੁਲਿਸ ਮੁਲਾਜ਼ਮਾਂ ਨੇ ਐਤਵਾਰ ਨੂੰ ਇੱਕ ਗਰਭਵਤੀ ਔਰਤ ਨੂੰ ਰਾਜਧਾਨੀ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਬਰਫ਼ ਨਾਲ ਭਰੀ ਸੜਕ ਵਿੱਚ ਫਸੇ ਉਸਦੇ ਪਰਿਵਾਰ ਦੇ ਵਾਹਨ ਨੂੰ ਲੱਭਣ ਤੋਂ ਬਾਅਦ ਇੱਕ ਹਸਪਤਾਲ ਵਿੱਚ ਸੁਰੱਖਿਅਤ ਢੰਗ ਨਾਲ ਪਹੁੰਚਾਇਆ ਅਤੇ ਉਸ ਦੇ ਬੱਚੇ ਨੂੰ ਜਨਮ ਦੇਣ ਵਿੱਚ ਮਦਦ ਕੀਤੀ।
ਦੱਸਣਯੋਗ ਹੈ ਕਿ ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ ਜ਼ਿਲ੍ਹੇ ਵਿੱਚ ਜ਼ਿਆਦਾਤਰ ਸੜਕਾਂ ਜਾਮ ਹੋ ਗਈਆਂ ਹਨ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸ਼ਿਮਲਾ ਪੁਲਿਸ ਨੇ ਟਵੀਟ ਵਿੱਚ ਕਿਹਾ, “ਇਸ ਹਾਲਾਤ ਵਿੱਚ, ਸ਼ਿਮਲਾ ਪੁਲਿਸ ਨੇ ਇੱਕ ਡਿਲੀਵਰੀ ਕੇਸ (ਸ਼ਿਮਲਾ ਜ਼ਿਲ੍ਹੇ ਦੀ ਥੀਓਗ ਤਹਿਸੀਲ ਦੀ ਰਹਿਣ ਵਾਲੀ ਸ਼ਿਵਾਂਗੀ ਪਤਨੀ ਅਸ਼ਵਨੀ ਨੂੰ ਮਸ਼ੋਬਰਾ ਨੇੜੇ ਤਾਰਾਪੁਰ ਤੋਂ ਬਚਾਇਆ ਹੈ) ਅਤੇ ਉਸਨੂੰ ਸ਼ਿਮਲਾ ਦੇ ਕਮਲਾ ਨਹਿਰੂ ਹਸਪਤਾਲ ਵਿੱਚ ਛੱਡ ਦਿੱਤਾ ਹੈ।
ਦੱਸ ਦੇਈਏ ਕਿ ਸ਼ਿਮਲਾ ਅਤੇ ਇਸ ਦੇ ਆਸਪਾਸ ਸਨਿਚਰਵਾਰ ਰਾਤ ਤੋਂ ਸੀਜ਼ਨ ਦੀ ਸਭ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਸ਼ਿਮਲਾ ਦੇ ਨੇੜੇ ਦੇ ਖੇਤਰ ਜਿਵੇਂ ਕੁਫਰੀ ਅਤੇ ਨਰਕੰਡਾ ਅਤੇ ਮਨਾਲੀ ਅਤੇ ਡਲਹੌਜ਼ੀ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਬਰਫ਼ ਦੀ ਇੱਕ ਸੰਘਣੀ ਚਾਦਰ ਵਿੱਚ ਢੱਕੇ ਹੋਏ ਹਨ, ਨਤੀਜੇ ਵਜੋਂ ਲੰਬੇ ਟ੍ਰੈਫਿਕ ਜਾਮ ਕਾਰਨ ਮੁਸਾਫ਼ਰਾਂ, ਮੁੱਖ ਤੌਰ 'ਤੇ ਸਥਾਨਕ ਲੋਕਾਂ ਦੀ ਸਮੱਸਿਆ ਵਧਦੀ ਹੈ।