
‘ਜਨਨਾਇਕ’ ਵਜੋਂ ਜਾਣੇ ਜਾਂਦੇ ਠਾਕੁਰ ਦੋ ਵਾਰ ਰਹਿ ਚੁੱਕੇ ਨੇ ਬਿਹਾਰ ਦੇ ਮੁੱਖ ਮੰਤਰੀ
ਨਵੀਂ ਦਿੱਲੀ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਨੇਤਾ ਕਰਪੂਰੀ ਠਾਕੁਰ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਭਵਨ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ।
‘ਜਨਨਾਇਕ’ ਦੇ ਨਾਂ ਨਾਲ ਮਸ਼ਹੂਰ ਠਾਕੁਰ ਦਸੰਬਰ 1970 ਤੋਂ ਜੂਨ 1971 ਅਤੇ ਦਸੰਬਰ 1977 ਤੋਂ ਅਪ੍ਰੈਲ 1979 ਤਕ ਬਿਹਾਰ ਦੇ ਮੁੱਖ ਮੰਤਰੀ ਰਹੇ। 17 ਫਰਵਰੀ 1988 ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਮੌਕੇ ਪ੍ਰਧਾਨ ਮੰਤਰੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਸਮਾਜਕ ਨਿਆਂ ਦੇ ਪ੍ਰਤੀਕ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਦੇਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ, ‘‘ਕਰਪੂਰੀ ਠਾਕੁਰ ਨੂੰ ਭਾਰਤ ਰਤਨ ਮਿਲਣਾ ਸਮਾਨਤਾ ਦੇ ਮੋਢੀ ਵਜੋਂ ਉਨ੍ਹਾਂ ਦੇ ਯਤਨਾਂ, ਹਾਸ਼ੀਏ 'ਤੇ ਪਏ ਲੋਕਾਂ ਲਈ ਉਨ੍ਹਾਂ ਦੇ ਸੰਘਰਸ਼ ਦਾ ਸਬੂਤ ਹੈ। ਠਾਕੁਰ ਦੀ ਦੂਰਦਰਸ਼ੀ ਅਗਵਾਈ, ਦਲਿਤਾਂ ਦੇ ਵਿਕਾਸ ਲਈ ਅਟੁੱਟ ਵਚਨਬੱਧਤਾ ਨੇ ਭਾਰਤ ਦੇ ਸਮਾਜਿਕ-ਰਾਜਨੀਤਿਕ ਤਾਣੇ-ਬਾਣੇ ’ਤੇ ਅਮਿੱਟ ਛਾਪ ਛੱਡੀ।’’