
ਕਿਹਾ, ਪੰਜਾਬ ਨਾਲੋਂ ਵੱਧ ਹਰਿਆਣਾ ਤੇ ਯੂ.ਪੀ. ਦੀਆਂ ਗੱਡੀਆਂ ਦਿੱਲੀ ਵਿਚ ਜ਼ਿਆਦਾ ਘੁੰਮਦੀਆਂ ਹਨ।
Paramjit Singh Sarna: ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਚੋਣ ਲੜ ਰਹੇ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਵੱਲੋਂ ਦਿੱਤੇ ਗਏ ਇੱਕ ਬਿਆਨ ਨੂੰ ਲੈ ਕੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪੰਜਾਬ ਨਾਲੋਂ ਵੱਧ ਹਰਿਆਣਾ ਤੇ ਯੂ.ਪੀ. ਦੀਆਂ ਗੱਡੀਆਂ ਦਿੱਲੀ ਵਿਚ ਜ਼ਿਆਦਾ ਘੁੰਮਦੀਆਂ ਹਨ। ਭਾਜਪਾ ਆਗੂ ਪੰਜਾਬੀਆਂ ਉੱਤੇ ਤੁਹਮਤ ਲਗਾਉਣ ਤੋਂ ਗੁਰੇਜ਼ ਨਹੀਂ ਕਰਦੇ। ਪੰਜਾਬੀਆਂ ਦਾ ਦਿੱਲੀ ਉੱਤੇ ਓਨਾ ਹੀ ਹੱਕ ਹੈ ਜਿੰਨਾ ਦਿੱਲੀ ਦੇ ਲੋਕਾਂ ਦਾ। ਅਜਿਹੀ ਗ਼ੱਲ ਕਰ ਕੇ ਪ੍ਰਵੇਸ਼ ਵਰਮਾ ਨੇ ਪੰਜਾਬੀਆਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ। ਪੰਜਾਬੀ ਤੇ ਸਿੱਖ ਦੇਸ਼ ਪ੍ਰਤੀ ਜ਼ਿਆਦਾ ਵਫ਼ਾਦਾਰ ਤੇ ਇਮਾਨਦਾਰ ਹਨ।
ਜ਼ਿਕਰਯੋਗ ਹੈ ਕਿ ਪ੍ਰਵੇਸ਼ ਵਰਮਾ ਨੇ ਦਿੱਲੀ ਵਿੱਚ ਚੋਣ ਪ੍ਰਚਾਰ ਲਈ ਪੰਜਾਬ ਤੋਂ ਗਏ ‘ਆਮ ਆਦਮੀ ਪਾਰਟੀ’ ਦੇ ਆਗੂਆਂ ਅਤੇ ਵਰਕਰਾਂ ਨੂੰ ਗੁੰਡੇ ਦੱਸਦਿਆਂ ਕਿਹਾ ਕਿ ਇਹ ਲੋਕ ਪੰਜਾਬ ਨੰਬਰ ਦੀਆਂ ਗੱਡੀਆਂ ਵਿੱਚ ਆਏ ਹਨ ਅਤੇ 26 ਜਨਵਰੀ ਵਾਲੇ ਦਿਨ ਗੜਬੜ ਕਰ ਸਕਦੇ ਹਨ। ਪ੍ਰਵੇਸ਼ ਵਰਮਾ ਨੇ ਕਿਹਾ ਕਿ ਪੰਜਾਬ ਤੋਂ ਆਏ ਇਹ ਲੋਕ ਦੇਸ਼ ਦੀ ਸੁਰੱਖ਼ਿਆ ਲਈ ਖ਼ਤਰਾ ਹੋ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਹੈ।