
Vivek Ramaswamy: ਰਿਪੋਰਟ ’ਚ ਦਾਅਵਾ, ਐਲਨ ਮਸਕ ਵਲੋਂ ਵੀ ਬਣਾਇਆ ਜਾ ਰਿਹਾ ਸੀ ਦਬਾਅ
Vivek Ramaswamy: ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਅਮਰੀਕਾ ਦੀ ਨਵੀਂ ਡੋਨਾਲਡ ਟਰੰਪ ਸਰਕਾਰ ਤੋਂ ਬਾਹਰ ਕਰ ਦਿਤਾ ਗਿਆ ਹੈ। ਇਸ ਦਾ ਕਾਰਨ ਉਸ ਵਲੋਂ ਦਿਤੇ ਗਏ ਹਾਲ ਹੀ ਦੇ ਬਿਆਨਾਂ ਦਸਿਆ ਜਾ ਰਿਹਾ ਹੈ, ਜਿਨ੍ਹਾਂ ਵਿਚ ਐਚ1ਬੀ ਵੀਜ਼ਾ ਸ਼ਾਮਲ ਹੈ। ਇਸ ਤੋਂ ਇਲਾਵਾ DOGE ਯਾਨੀ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੈਂਸੀ ਸੰਭਾਲ ਰਹੇ ਅਰਬਪਤੀ ਐਲੋਨ ਮਸਕ ਦੀ ਤਰਫ਼ੋਂ ਵੀ ਦਬਾਅ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਦੇ ਬਾਹਰ ਜਾਣ ਨੂੰ ਲੈ ਕੇ ਕਿਸੇ ਨੇ ਵੀ ਅਧਿਕਾਰਤ ਤੌਰ ’ਤੇ ਕਾਰਨ ਨਹੀਂ ਦਸਿਆ ਹੈ।
ਦਸਿਆ ਜਾ ਰਿਹਾ ਹੈ ਕਿ ਬਿਆਨਾਂ ਨੂੰ ਲੈ ਕੇ ਰਾਮਾਸਵਾਮੀ ’ਤੇ ਰਿਪਬਲਿਕਨ ਪਾਰਟੀ ਦੇ ਵੱਡੇ ਨੇਤਾਵਾਂ ਅਤੇ ਮਸਕ ਦਾ ਦਬਾਅ ਸੀ। ਪੋਲੀਟਿਕੋ ਦੀ ਇਕ ਰਿਪੋਰਟ ਅਨੁਸਾਰ, DOGE ਤੋਂ ਬਾਹਰ ਨਿਕਲਣ ਤੋਂ ਪਹਿਲਾਂ, ਰਾਮਾਸਵਾਮੀ ਨੇ ਐਕਸ ’ਤੇ ਪੋਸਟ ਕੀਤਾ ਹੈ, ਜਿੱਥੇ ਉਨ੍ਹਾਂ ਨੇ ਅਮਰੀਕਾ ਦੇ ਸਭਿਆਚਾਰ ਅਤੇ ਨੌਕਰੀ ਦੇਣ ਦੇ ਤਰੀਕਿਆਂ ਦੀ ਆਲੋਚਨਾ ਕੀਤੀ ਹੈ। ਇਸ ’ਚ ਖ਼ਾਸਤੌਰ ’ਤੇ ਐਚ1ਬੀ ਵੀਜ਼ ਦਾ ਜ਼ਿਕਰ ਕੀਤਾ ਗਿਆ ਹੈ।
ਟਰੰਪ ਦੇ ਕਰੀਬੀ ਇਕ ਰਿਪਬਲਿਕਨ ਰਣਨੀਤੀਕਾਰ ਨੇ ਕਿਹਾ, ‘ਵਿਵੇਕ ਨੇ ਵਾਪਸੀ ਦੇ ਸਾਰੇ ਰਸਤੇ ਤਬਾਹ ਕਰ ਦਿਤੇ ਹਨ ਅਤੇ ਅੰਤ ’ਚ ਉਨ੍ਹਾਂ ਨੇ ਐਲਨ ਨੂੰ ਵੀ ਨਾਰਾਜ਼ ਕਰ ਦਿਤਾ।’ ਉਨ੍ਹਾਂ ਕਿਹਾ, ‘ਸਾਰੇ ਉਨ੍ਹਾਂ ਨੂੰ ਟਵੀਟ ਤੋਂ ਪਹਿਲਾਂ ਬਾਹਰ ਕਰਨਾ ਚਾਹੁੰਦਾ ਸਨ, ਪਰ ਜਦੋਂ ਉਨ੍ਹਾਂ ਅਜਿਹਾ ਕੀਤਾ ਤਾਂ ਉਨ੍ਹਾਂ ਨੂੰ ਬਾਹਰ ਕਰ ਦਿਤਾ ਗਿਆ।’
ਰਾਮਾਸਵਾਮੀ ਦੇ ਬਿਆਨਾਂ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਉਹ ਅਮਰੀਕੀ ਕਰਮਚਾਰੀਆਂ ਨੂੰ ਕਮਜ਼ੋਰ ਦਿਖਾ ਰਹੇ ਹਨ। ਉਥੇ ਹੀ, ਕੁਝ ਲੋਕਾਂ ਨੇ ਉਸ ਦੀ ਗੱਲ ਦਾ ਸਮਰਥਨ ਕੀਤਾ। ਦਰਅਸਲ, ਐਚ1 ਵੀਜ਼ਾ ਇਕ ਗ਼ੈਰ-ਪ੍ਰਵਾਸੀ ਵੀਜ਼ਾ ਪ੍ਰੋਗਰਾਮ ਹੈ, ਜਿਸ ਦੀ ਮਦਦ ਨਾਲ ਅਮਰੀਕੀ ਕੰਪਨੀਆਂ ਅਸਥਾਈ ਤੌਰ ’ਤੇ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਦਿੰਦੀਆਂ ਹਨ। ਇਨ੍ਹਾਂ ਵਿਚ ਖ਼ਾਸ ਤੌਰ ’ਤੇ ਅਜਿਹੇ ਕੰਮ ਸ਼ਾਮਲ ਹੁੰਦੇ ਹਨ ਜਿਸ ਲਈ ਵਿਸ਼ੇਸ਼ ਹੁਨਰ ਅਤੇ ਗਿਆਨ ਦੀ ਲੋੜ ਹੁੰਦੀ ਹੈ। ਅਮਰੀਕਾ ਵਿਚ ਸਭ ਤੋਂ ਵੱਧ ਐਚ1ਬੀ ਵੀਜ਼ਾ ਧਾਰਕ ਭਾਰਤੀ ਹਨ।
ਹਾਲਾਂਕਿ, ਉਨ੍ਹਾਂ ਨੇ DOGE ਤੋਂ ਬਾਹਰ ਹੋਣ ਦੇ ਬਾਵਜੂਦ ਟੀਮ, ਟਰੰਪ ਅਤੇ ਮਸਕ ਨੂੰ ਸ਼ੁੱਭਕਾਮਨਾਵਾਂ ਦਿਤੀਆਂ। ਉਨ੍ਹਾਂ ਕਿਹਾ, “DOGE ਬਣਾਉਣ ਵਿਚ ਮਦਦ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਸੀ। ਮੈਨੂੰ ਭਰੋਸਾ ਹੈ ਕਿ ਐਲਨ ਅਤੇ ਉਨ੍ਹਾਂ ਦੀ ਟੀਮ ਸਰਕਾਰ ਨੂੰ ਸੰਗਠਿਤ ਕਰਨ ਵਿਚ ਸਫ਼ਲ ਹੋਵੇਗੀ। ਮੈਂ ਓਹੀਯੋ ਵਿਚ ਮੇਰੀਆਂ ਭਵਿੱਖੀ ਯੋਜਨਾਵਾਂ ਬਾਰੇ ਹੋਰ ਵੀ ਕੁਝ ਕਹਾਂਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਵਿਚ ਟਰੰਪ ਦੀ ਮਦਦ ਲਈ ਖੜ੍ਹੇ ਹਾਂ।