
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਪੁਲਵਾਮਾ ਹਮਲੇ ਦੀ ਨਿਖੇਧੀ ਕਰਦਿਆਂ ਮਤਾ ਪਾਸ ਕੀਤਾ ਗਿਆ ਹੈ........
ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਪੁਲਵਾਮਾ ਹਮਲੇ ਦੀ ਨਿਖੇਧੀ ਕਰਦਿਆਂ ਮਤਾ ਪਾਸ ਕੀਤਾ ਗਿਆ ਹੈ ਜਿਸ ਵਿਚ ਚੀਨ ਨੇ ਪਾਕਿਸਤਾਨ ਦਾ ਸਾਥ ਛਡਦਿਆਂ ਭਾਰਤ ਦਾ ਸਮਰਥਨ ਕੀਤਾ ਹੈ। ਇਸ ਮਤੇ ਵਿਚ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦਾ ਵੀ ਜ਼ਿਕਰ ਹੈ। ਭਾਰਤ ਨੇ ਅੱਜ ਤਕ ਜਦ ਵੀ ਅੰਤਰਰਾਸ਼ਟਰੀ ਮੰਚਾਂ 'ਤੇ ਜੈਸ਼ ਦੇ ਮੁਖੀ ਮਸੂਦ ਅਜ਼ਹਾਰ ਨੂੰ ਅੰਤਰਰਾਸ਼ਟਰੀ ਅਤਿਵਾਦੀ ਐਲਾਣਨ ਦਾ ਮੁੱਦਾ ਚੁਕਿਆ ਹੈ ਤਾਂ ਚੀਨ ਨੇ ਇਸ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਪੱਕੇ ਮੈਂਬਰਾਂ ਵਿਚੋਂ ਇਕ ਹੈ, ਇਸ ਲਈ ਉਸ ਕੋਲ ਵੀਟੋ ਪਾਵਰ ਹੈ।
ਪੁਲਵਾਮਾ ਹਮਲੇ ਮਗਰੋਂ ਇਹ ਵੱਡਾ ਕਦਮ ਹੈ। ਦਰਅਸਲ, ਸੁਰੱਖਿਆ ਪ੍ਰੀਸ਼ਦ ਨੇ ਪੁਲਵਾਮਾ ਵਿਚ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਬੇਰਹਿਮ ਤੇ ਮੂਰਖਾਨਾ ਕਾਰਵਾਈ ਦਸਿਆ। ਨਾਲ ਹੀ ਹਮਲੇ ਦੇ ਸਾਜ਼ਸ਼ੀਆਂ, ਪ੍ਰਬੰਧਕਾਂ ਅਤੇ ਅਗਵਾਣੂਆਂ ਵਿਰੁਧ ਕਾਰਵਾਈ ਦੀ ਅਪੀਲ ਕੀਤੀ। ਖ਼ਾਸ ਗੱਲ ਇਹ ਹੈ ਕਿ ਮਤੇ ਵਿਚ ਵਿਚ ਜੈਸ਼ ਏ ਮੁਹੰਮਦ ਦਾ ਵੀ ਜ਼ਿਕਰ ਸੀ। ਬਿਆਨ ਵਿਚ ਕਿਹਾ ਗਿਆ ਕਿ ਹਮਲਿਆਂ ਲਈ ਦੋਸ਼ੀ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਲੋੜ ਹੈ। ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ 'ਤੇ ਅੰਤਰਰਾਸ਼ਟਰੀ ਦਬਾਅ ਵਧ ਰਿਹਾ ਹੈ।
ਦੁਨੀਆਂ ਦੇ ਲਗਭਗ ਸਾਰੇ ਸ਼ਕਤੀਸ਼ਾਲੀ ਦੇਸ਼ਾਂ ਨੇ ਪੁਲਵਾਮਾ ਹਮਲੇ ਕਾਰਨ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ। ਸੁਰੱਖਿਆ ਕੌਂਸਲ ਵਿਚ 15 ਦੇਸ਼ ਸ਼ਾਮਲ ਹਨ ਜਿਨ੍ਹਾਂ ਵਿਚ ਚੀਨ ਵੀ ਸ਼ਾਮਲ ਹੈ। ਬਿਆਨ ਵਿਚ ਕਿਹਾ ਗਿਆ,'ਸੁਰੱਖਿਆ ਪ੍ਰੀਸ਼ਦ ਦੇ ਮੈਂਬਰ 14 ਫ਼ਰਵਰੀ ਨੂੰ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਨਿਖੇਧੀ ਕਰਦੇ ਹਨ ਜਿਸ ਵਿਚ ਭਾਰਤ ਦੇ ਅਰਧਸੈਨਿਕ ਬਲ ਦੇ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼ ਏ ਮੁਹੰਮਦ ਨੇ ਲਈ ਸੀ। (ਏਜੰਸੀ)