ਪੱਤਰਕਾਰ ਨੇ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਜਿਸ ’ਚ ਗੂਗਲ ਜੈਮਿਨੀ ਨੂੰ ਮੋਦੀ ਬਾਰੇ ਇਕ ਸਵਾਲ ਪੁਛਿਆ ਗਿਆ ਸੀ।
ਨਵੀਂ ਦਿੱਲੀ: ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਗੂਗਲ ਦੇ ਏ.ਆਈ. ਟੂਲ ‘ਜੈਮਿਨੀ’ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਜੋ ਕਿਹਾ ਉਹ ਅਪਰਾਧਕ ਜ਼ਾਬਤੇ ਦੇ ਨਾਲ-ਨਾਲ ਆਈ.ਟੀ. ਨਿਯਮਾਂ ਦੀਆਂ ਕਈ ਧਾਰਾਵਾਂ ਦੀ ਸਿੱਧੀ ਉਲੰਘਣਾ ਹੈ।
ਮੰਤਰੀ ਨੇ ਇਕ ਪੱਤਰਕਾਰ ਦੇ ਵਿਸ਼ੇਸ਼ ਅਕਾਊਂਟ ਵਲੋਂ ਉਠਾਏ ਗਏ ਮੁੱਦੇ ਦਾ ਨੋਟਿਸ ਲਿਆ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਗੂਗਲ ਜੈਮਿਨੀ ਮੋਦੀ ਬਾਰੇ ਇਕ ਸਵਾਲ ਦੇ ਜਵਾਬ ਵਿਚ ਪੱਖਪਾਤੀ ਸੀ, ਜਦਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਬਾਰੇ ਇਹੀ ਸਵਾਲ ਪੁਛਿਆ ਗਿਆ ਤਾਂ ਉਸ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿਤਾ।
ਚੰਦਰਸ਼ੇਖਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਇਹ ਆਈ.ਟੀ. ਐਕਟ ਦੇ ਵਿਚੋਲੇ ਨਿਯਮਾਂ (ਆਈ.ਟੀ. ਨਿਯਮਾਂ) ਦੇ ਨਿਯਮ 3 (1) (ਬੀ) ਦੀ ਸਿੱਧੀ ਉਲੰਘਣਾ ਹੈ ਅਤੇ ਅਪਰਾਧਕ ਜ਼ਾਬਤੇ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਹੈ।’’ ਮੰਤਰੀ ਨੇ ਇਸ ਪੋਸਟ ਨੂੰ ਗੂਗਲ ਅਤੇ ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਨੂੰ ਭੇਜ ਦਿਤਾ ਜੋ ਅਗਲੇਰੀ ਕਾਰਵਾਈ ਦਾ ਸੰਕੇਤ ਦਿੰਦਾ ਹੈ।
ਪੱਤਰਕਾਰ ਨੇ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਜਿਸ ’ਚ ਗੂਗਲ ਜੈਮਿਨੀ ਨੂੰ ਮੋਦੀ ਬਾਰੇ ਇਕ ਸਵਾਲ ਪੁਛਿਆ ਗਿਆ ਸੀ। ਇਸ ਦੇ ਜਵਾਬ ’ਚ ਜੈਮਿਨੀ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਅਸ਼ਲੀਲ ਟਿਪਣੀਆਂ ਕੀਤੀਆਂ ਪਰ ਟਰੰਪ ਅਤੇ ਜ਼ੇਲੈਂਸਕੀ ਬਾਰੇ ਇਹੀ ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਨੇ ਸਿੱਧਾ ਜਵਾਬ ਨਹੀਂ ਦਿਤਾ।