
ਪ੍ਰਧਾਨ ਮੰਤਰੀ ਨੇ ਭਗਤ ਰਵਿਦਾਸ ਦੀ 647ਵੀਂ ਜਯੰਤੀ ਮੌਕੇ ਉਨ੍ਹਾਂ ਦੀ ਵਿਸ਼ਾਲ ਮੂਰਤੀ ਦਾ ਉਦਘਾਟਨ ਕੀਤਾ
ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਰਵਾਰਵਾਦੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਦਲਿਤ ਆਦਿਵਾਸੀ ਅੱਗੇ ਵਧਣ ਅਤੇ ਉਹ ਦਲਿਤਾਂ ਨੂੰ ਉੱਚ ਅਹੁਦਿਆਂ ’ਤੇ ਬਿਠਾਉਣ ਨੂੰ ਬਰਦਾਸ਼ਤ ਨਹੀਂ ਕਰਦੇ। ਮੋਦੀ ਅਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੌਰੇ ਦੇ ਦੂਜੇ ਦਿਨ ਇੱਥੇ ਸੀਰਗੋਵਰਧਨ ਵਿਖੇ ਭਗਤ ਰਵਿਦਾਸ ਦੀ 647ਵੀਂ ਜਯੰਤੀ ਮੌਕੇ ਉਨ੍ਹਾਂ ਦੀ ਵਿਸ਼ਾਲ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ।
ਉਨ੍ਹਾਂ ਭਗਤ ਰਵਿਦਾਸ ਜੀ ਦਾ ਇਕ ਦੋਹਾ ਸੁਣਾਇਆ ਅਤੇ ਇਸ ਦੀ ਵਿਆਖਿਆ ਕਰਦਿਆਂ ਕਿਹਾ, ‘‘ਜ਼ਿਆਦਾਤਰ ਲੋਕ ਜਾਤ-ਪਾਤ ਦੇ ਚੱਕਰ ’ਚ ਫਸੇ ਹੋਏ ਹਨ, ਉਲਝਦੇ ਰਹਿੰਦੇ ਹਨ, ਜਾਤ-ਪਾਤ ਦੀ ਇਹ ਬਿਮਾਰੀ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ।’’ ਕਿਸੇ ਪਾਰਟੀ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਪਰਵਾਰਕ ਪਾਰਟੀਆਂ ਦੀ ਇਕ ਹੋਰ ਪਛਾਣ ਇਹ ਹੈ ਕਿ ਉਹ ਕਿਸੇ ਵੀ ਦਲਿਤ ਆਦਿਵਾਸੀ ਨੂੰ ਅਪਣੇ ਪਰਵਾਰ ਤੋਂ ਬਾਹਰ ਨਹੀਂ ਵਧਣ ਦੇਣਾ ਚਾਹੁੰਦੇ ਅਤੇ ਉਹ ਉੱਚ ਅਹੁਦਿਆਂ ’ਤੇ ਬੈਠੇ ਦਲਿਤ ਆਦਿਵਾਸੀਆਂ ਨੂੰ ਬਰਦਾਸ਼ਤ ਨਹੀਂ ਕਰਦੇ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਚੋਣ ਦੀ ਯਾਦ ਦਿਵਾਈ।
ਉਨ੍ਹਾਂ ਕਿਹਾ, ‘‘ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਸੀ ਤਾਂ ਸਾਰਿਆਂ ਸਾਰੀਆਂ ਪਰਵਾਰਵਾਦੀ ਪਾਰਟੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ, ਜੋ ਚੋਣਾਂ ਦੇ ਸਮੇਂ ਦਲਿਤਾਂ ਅਤੇ ਆਦਿਵਾਸੀਆਂ ਨੂੰ ਅਪਣੇ ਵੋਟ ਬੈਂਕ ਵਜੋਂ ਵੇਖਦੀਆਂ ਹਨ। ਸਾਨੂੰ ਇਨ੍ਹਾਂ ਲੋਕਾਂ ਦੀ ਇਸ ਤਰ੍ਹਾਂ ਦੀ ਸੋਚ ਤੋਂ ਸਾਵਧਾਨ ਰਹਿਣਾ ਪਵੇਗਾ।’’
ਦਰਅਸਲ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 16 ਫ਼ਰਵਰੀ ਨੂੰ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਚੰਦੌਲੀ ’ਚ ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਸੀ ਕਿ ਰਾਮ ਮੰਦਰ ਦੇ ਜਸ਼ਨ ’ਚ ਪ੍ਰਧਾਨ ਮੰਤਰੀ ਮੋਦੀ, ਅੰਬਾਨੀ, ਅਡਾਨੀ ਅਤੇ ਹੋਰ ਅਰਬਪਤੀਆਂ ਲਈ ਰੈੱਡ ਕਾਰਪੇਟ ਵਿਛਾਇਆ ਗਿਆ ਸੀ ਪਰ ਉੱਥੇ ਦੇਸ਼ ਦੇ ਕਬਾਇਲੀ ਰਾਸ਼ਟਰਪਤੀ, ਗਰੀਬਾਂ, ਦਲਿਤਾਂ, ਬੇਰੁਜ਼ਗਾਰ ਨੌਜੁਆਨਾਂ ਅਤੇ ਕਿਸਾਨਾਂ ਲਈ ਕੋਈ ਥਾਂ ਨਹੀਂ ਸੀ।
ਭਗਤ ਰਵਿਦਾਸ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ, ‘‘ਜਦੋਂ ਕੋਈ ਜਾਤ, ਧਰਮ ਦੇ ਨਾਂ ’ਤੇ ਕਿਸੇ ਨਾਲ ਵਿਤਕਰਾ ਕਰਦਾ ਹੈ ਤਾਂ ਉਹ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੇ ਕੋਈ ਜਾਤ-ਪਾਤ ਦੇ ਨਾਂ ’ਤੇ ਕਿਸੇ ਨੂੰ ਭੜਕਾਉਂਦਾ ਹੈ ਤਾਂ ਉਹ ਮਨੁੱਖਤਾ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।’’ ਉਨ੍ਹਾਂ ਨੇ ਦਲਿਤਾਂ ਅਤੇ ਓ.ਬੀ.ਸੀ. ਨੂੰ ਵਿਰੋਧੀ ਗੱਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਵਿਰੁਧ ਵੀ ਚੇਤਾਵਨੀ ਦਿਤੀ ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਲਈ ਅੱਜ ਦੇਸ਼ ਦੇ ਹਰ ਦਲਿਤ, ਹਰ ਪੱਛੜੇ ਨੂੰ ਇਕ ਗੱਲ ਧਿਆਨ ’ਚ ਰੱਖਣੀ ਪਵੇਗੀ ਕਿ ਸਾਡੇ ਦੇਸ਼ ’ਚ ਜਾਤ ਦੇ ਨਾਮ ’ਤੇ ਭੜਕਾਉਣ ਅਤੇ ਲੜਨ ’ਚ ਵਿਸ਼ਵਾਸ ਰੱਖਣ ਵਾਲੇ ‘ਇੰਡੀ ਗੱਠਜੋੜ’ ਦੇ ਲੋਕ, ਦਲਿਤਾਂ, ਵੰਚਿਤ ਲੋਕਾਂ ਦੇ ਲਾਭ ਲਈ ਯੋਜਨਾਵਾਂ ਦਾ ਵਿਰੋਧ ਕਰਦੇ ਹਨ। ਅਤੇ ਸੱਚਾਈ ਇਹ ਹੈ ਕਿ ਇਹ ਲੋਕ ਜਾਤੀ ਭਲਾਈ ਦੇ ਨਾਮ ’ਤੇ ਅਪਣੇ ਪਰਵਾਰ ਦੇ ਸੁਆਰਥ ਲਈ ਰਾਜਨੀਤੀ ਕਰਦੇ ਹਨ।’’ ਮੋਦੀ ਨੇ ਵੰਸ਼ਵਾਦੀ ਪਾਰਟੀਆਂ ’ਤੇ ਦੋਸ਼ ਲਾਇਆ ਕਿ ਉਹ ਗਰੀਬਾਂ ਲਈ ਪਖਾਨੇ, ਜਨ ਧਨ ਖਾਤੇ ਅਤੇ ਡਿਜੀਟਲ ਇੰਡੀਆ ਵਰਗੀਆਂ ਯੋਜਨਾਵਾਂ ਦਾ ਵਿਰੋਧ ਕਰ ਰਹੀਆਂ ਹਨ ਅਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੀਆਂ ਹਨ।
ਉਨ੍ਹਾਂ ਕਿਹਾ, ‘‘ਤੁਸੀਂ ਸਾਰੇ ਰਵਿਦਾਸ ਜੀ ਦੇ ਜਨਮ ਦਿਵਸ ਦੇ ਤਿਉਹਾਰ ’ਤੇ ਦੂਰ-ਦੁਰਾਡੇ ਤੋਂ ਇੱਥੇ ਆਉਂਦੇ ਹੋ, ਖਾਸ ਤੌਰ ’ਤੇ ਪੰਜਾਬ ਦੇ ਇੰਨੇ ਭਰਾ ਅਤੇ ਭੈਣਾਂ ਆਉਂਦੇ ਹਨ ਕਿ ਬਨਾਰਸ ‘ਮਿੰਨੀ ਪੰਜਾਬ’ ਵਰਗਾ ਵਿਖਾਈ ਦੇਣ ਲਗਦਾ ਹੈ ਅਤੇ ਇਹ ਸੱਭ ਰਵਿਦਾਸ ਜੀ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਿਆ ਹੈ।’’ ਉਨ੍ਹਾਂ ਕਿਹਾ, ‘‘ਰਵਿਦਾਸ ਜੀ ਵੀ ਮੈਨੂੰ ਵਾਰ-ਵਾਰ ਅਪਣੀ ਧਰਤੀ ’ਤੇ ਬੁਲਾਉਂਦੇ ਹਨ। ਮੈਨੂੰ ਉਨ੍ਹਾਂ ਦੇ ਸੰਕਲਪਾਂ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਦਾ ਹੈ। ਉਸ ਨੂੰ ਅਪਣੇ ਲੱਖਾਂ ਪੈਰੋਕਾਰਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਗੁਰੂ ਜੀ ਦੇ ਜਨਮ ਅਸਥਾਨ ’ਤੇ ਉਨ੍ਹਾਂ ਦੇ ਸਾਰੇ ਪੈਰੋਕਾਰਾਂ ਦੀ ਸੇਵਾ ਕਰਨਾ ਮੇਰੇ ਲਈ ਕਿਸੇ ਸੁਭਾਗ ਤੋਂ ਘੱਟ ਨਹੀਂ ਹੈ।’’
ਉਨ੍ਹਾਂ ਕਿਹਾ, ‘‘ਇੱਥੇ ਸੰਸਦ ਮੈਂਬਰ ਹੋਣ ਦੇ ਨਾਤੇ ਵਾਰਾਣਸੀ ’ਚ ਸਾਰਿਆਂ ਦਾ ਸਵਾਗਤ ਕਰਨਾ ਅਤੇ ਤੁਹਾਡੀਆਂ ਸਹੂਲਤਾਂ ਦਾ ਧਿਆਨ ਰਖਣਾ ਮੇਰੀ ਵਿਸ਼ੇਸ਼ ਜ਼ਿੰਮੇਵਾਰੀ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਇਹ ਮੌਕਾ ਮਿਲਿਆ ਹੈ। ਅੱਜ ਮੈਂ ਸੰਤ ਰਵਿਦਾਸ ਜੀ ਦੀ ਨਵੀਂ ਮੂਰਤੀ ਦਾ ਉਦਘਾਟਨ ਕਰਨ ਲਈ ਵੀ ਖੁਸ਼ਕਿਸਮਤ ਹਾਂ। ਅੱਜ ਸੰਤ ਰਵਿਦਾਸ ਮਿਊਜ਼ੀਅਮ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।’’ ਮੋਦੀ ਨੇ ਸਮਾਜ ਸੁਧਾਰਕ ਸੰਤ ਗਾਡਗੇ ਨੂੰ ਵੀ ਸ਼ਰਧਾਂਜਲੀ ਦਿਤੀ। ਉਨ੍ਹਾਂ ਕਿਹਾ ਕਿ ਅੱਜ ਮਹਾਨ ਸਮਾਜ ਸੁਧਾਰਕ ਸੰਤ ਗਾਡਗੇ ਬਾਬਾ ਦਾ ਜਨਮ ਦਿਨ ਵੀ ਹੈ ਅਤੇ ਗਡਗੇ ਬਾਬਾ ਨੇ ਵੀ ਰਵਿਦਾਸ ਜੀ ਵਾਂਗ ਦਲਿਤਾਂ ਅਤੇ ਵਾਂਝੇ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕੀਤਾ।
ਵਿਕਾਸ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਰਵਿਦਾਸ ਜੀ ਦੇ ਜਨਮ ਸਥਾਨ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਮੰਦਰ ਅਤੇ ਮੰਦਰ ਖੇਤਰ ਦਾ ਵਿਕਾਸ, ਮੰਦਰ ਨੂੰ ਜਾਣ ਵਾਲੀਆਂ ਸੜਕਾਂ ਦਾ ਨਿਰਮਾਣ, ਸ਼ਰਧਾਲੂਆਂ ਲਈ ਸਤਿਸੰਗ ਅਤੇ ਸਾਧਨਾ ਕਰਨ, ਪ੍ਰਸਾਦ ਪ੍ਰਾਪਤ ਕਰਨ ਲਈ ਵੱਖ-ਵੱਖ ਪ੍ਰਬੰਧਾਂ ਦਾ ਨਿਰਮਾਣ, ਇਹ ਸੱਭ ਤੁਹਾਡੇ ਸਾਰੇ ਲੱਖਾਂ ਸ਼ਰਧਾਲੂਆਂ ਨੂੰ ਸਹੂਲਤ ਪ੍ਰਦਾਨ ਕਰਨਗੇ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਪਤਵੰਤੇ ਮੌਜੂਦ ਸਨ।
ਜਿਹੜੇ ਲੋਕ ਹੋਸ਼ ’ਚ ਨਹੀਂ ਹਨ, ਉਹ ਨੌਜੁਆਨਾਂ ਨੂੰ ‘ਨਸ਼ਈ‘ ਕਹਿ ਰਹੇ ਹਨ: ਮੋਦੀ
ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਜੋ ਲੋਕ ਚੇਤੰਨ ਨਹੀਂ ਹਨ, ਉਹ ਨੌਜੁਆਨਾਂ ਨੂੰ ਨਸ਼ਈ ਕਹਿ ਰਹੇ ਹਨ। ਅਪਣੇ ਸੰਸਦੀ ਖੇਤਰ ਵਾਰਾਣਸੀ ਦੇ ਕਰਖੀਆਓ ਅਮੂਲ ਪਲਾਂਟ ਕੰਪਲੈਕਸ ’ਚ 13,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 35 ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ, ‘‘ਕਾਂਗਰਸ ਦੇ ਸ਼ਾਹੀ ਪਰਵਾਰ ਦੇ ਯੁਵਰਾਜ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ, ਯੁਵਰਾਜ ਕਾਸ਼ੀ ਦੀ ਧਰਤੀ ’ਤੇ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਕਾਸ਼ੀ ਦੇ ਨੌਜੁਆਨ, ਉੱਤਰ ਪ੍ਰਦੇਸ਼ ਦੇ ਨੌਜੁਆਨ ਨਸ਼ਈ ਹਨ। ਇਹ ਕਿਹੋ ਜਿਹੀ ਭਾਸ਼ਾ ਹੈ, ਭਰਾ।’’
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਹਾਲ ਹੀ ’ਚ ਵਾਰਾਣਸੀ ’ਚ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੇ ਕੁੱਝ ਨੌਜੁਆਨਾਂ ਨੂੰ ਨਸ਼ੇ ਦੀ ਹਾਲਤ ’ਚ ਸੜਕਾਂ ’ਤੇ ਪਿਆ ਅਤੇ ਰਾਤ ਨੂੰ ਨੱਚਦੇ ਵੇਖਿਆ ਹੈ ਅਤੇ ਉੱਤਰ ਪ੍ਰਦੇਸ਼ (ਨੌਜੁਆਨਾਂ) ਦਾ ਭਵਿੱਖ ਸ਼ਰਾਬੀ ਹੈ।
ਮੋਦੀ ਨੇ ਦਾਅਵਾ ਕੀਤਾ, ‘‘ਉੱਤਰ ਪ੍ਰਦੇਸ਼ ਸਾਰੀਆਂ (80 ਲੋਕ ਸਭਾ) ਸੀਟਾਂ ਕੌਮੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਨੂੰ ਦੇਣ ਜਾ ਰਿਹਾ ਹੈ। ਉਨ੍ਹਾਂ ਨੇ ਦੋ ਦਹਾਕੇ ਮੋਦੀ ਨੂੰ ਗਾਲ੍ਹਾਂ ਕੱਢਣ ’ਚ ਬਿਤਾਏ ਹਨ, ਪਰ ਹੁਣ ਰੱਬ ਵਰਗੇ ਉੱਤਰ ਪ੍ਰਦੇਸ਼ ਦੇ ਲੋਕਾਂ ’ਤੇ ਅਪਣੀ ਨਿਰਾਸ਼ਾ ਕੱਢ ਰਹੇ ਹਨ। ਜਿਨ੍ਹਾਂ ਦੇ ਅਪਣੇ ਹੋਸ਼ ਟਿਕਾਣੇ ’ਤੇ ਨਹੀਂ ਹਨ, ਉਹ ਉੱਤਰ ਪ੍ਰਦੇਸ਼ ਦੇ, ਮੇਰੇ ਕਾਸ਼ੀ ਦੇ ਬੱਚਿਆਂ ਨੂੰ ਨਸ਼ਈ ਕਹਿ ਰਹੇ ਹਨ।’’