ਸਟਾਲਿਨ ਦੇ ਪ੍ਰਸ਼ਾਸਨਿਕ ਤਜ਼ਰਬੇ, ਧਰਮ ਨਿਰਪੱਖ ਸੋਚ ਅਤੇ ਲੋਕਾਂ ਦੇ ਮੁੱਦਿਆਂ ਨੂੰ ਸਮਝਣ ਦੀ ਸਮਰੱਥਾ ਨੂੰ ਸੱਭ ਤੋਂ ਵੱਡੀ ਤਾਕਤ ਦੱਸਿਆ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਮਣੀ ਸ਼ੰਕਰ ਅਈਅਰ ਨੇ ਕਿਹਾ ਹੈ ਕਿ ਡੀ.ਐਮ.ਕੇ. ਮੁਖੀ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ “ਇੰਡੀਆ ਗਠਜੋੜ ਦੇ ਕਨਵੀਨਰ ਲਈ ਸੱਭ ਤੋਂ ਢੁਕਵੇਂ ਉਮੀਦਵਾਰ” ਹਨ।
ਅਈਅਰ ਨੇ ਦਲੀਲ ਦਿਤੀ ਕਿ ਵੱਡੇ ਸਾਥੀ ਦੀ ਬਜਾਏ ਛੋਟੇ ਸਾਥੀ ਨੂੰ ਅਗਵਾਈ ਦੇਣ ਨਾਲ ਗਠਜੋੜ ਦੀ ਏਕਤਾ ਮਜ਼ਬੂਤ ਰਹੇਗੀ। ਉਨ੍ਹਾਂ ਨੇ ਕਿਹਾ, “ਮੌਜੂਦਾ ਹਾਲਾਤਾਂ ’ਚ, 2029 ਦੇ ਟੀਚੇ ਨੂੰ ਧਿਆਨ ਵਿਚ ਰਖਦੇ ਹੋਏ, ਸਟਾਲਿਨ ਤੋਂ ਵਧੀਆ ਕੋਈ ਨਹੀਂ ਜੋ ਇੰਡੀਆ ਗਠਜੋੜ ਦੀ ਅਗਵਾਈ ਕਰ ਸਕੇ।’’
ਕਾਂਗਰਸ ਵਿਚ ਅਈਅਰ ਦੇ ਬਿਆਨ ਨੇ ਨਾਰਾਜ਼ਗੀ ਪੈਦਾ ਕੀਤੀ ਹੈ, ਪਰ ਖ਼ੁਦ ਅਈਅਰ ਮੰਨਦੇ ਹਨ ਕਿ ਇਹ ਕਾਂਗਰਸ ਦੇ ਹਿੱਤ ਵਿਚ ਹੀ ਹੋਵੇਗਾ। ਉਨ੍ਹਾਂ ਨੇ ਸਟਾਲਿਨ ਦੇ ਪ੍ਰਸ਼ਾਸਨਿਕ ਤਜਰਬੇ, ਧਰਮ ਨਿਰਪੱਖ ਸੋਚ ਅਤੇ ਲੋਕਾਂ ਦੇ ਮੁੱਦਿਆਂ ਨੂੰ ਸਮਝਣ ਦੀ ਸਮਰੱਥਾ ਨੂੰ ਉਨ੍ਹਾਂ ਦੀ ਸੱਭ ਤੋਂ ਵੱਡੀ ਤਾਕਤ ਦਸਿਆ ।
ਅਈਅਰ ਨੇ ਜਵਾਹਰ ਲਾਲ ਨਹਿਰੂ ਵਲੋਂ 1962 ਚੀਨ ਜੰਗ ਤੋਂ ਬਾਅਦ ਕਾਮਰਾਜ ਨੂੰ ਕਾਂਗਰਸ ਦੀ ਅਗਵਾਈ ਸੌਂਪਣ ਦਾ ਹਵਾਲਾ ਦਿਤਾ ਅਤੇ ਕਿਹਾ ਕਿ “ਸਟਾਲਿਨ 21ਵੀਂ ਸਦੀ ਦੇ ਕਾਮਰਾਜਰ ਸਾਬਤ ਹੋ ਸਕਦੇ ਹਨ।’’ ਉਨ੍ਹਾਂ ਨੇ ਇਹ ਵੀ ਜੋੜਿਆ ਕਿ ਡੀ.ਐਮ.ਕੇ. ਕਾਂਗਰਸ ਦਾ ਸੱਭ ਤੋਂ ਭਰੋਸੇਮੰਦ ਸਾਥੀ ਰਿਹਾ ਹੈ ਅਤੇ ਸਟਾਲਿਨ ਦੀ ਅਗਵਾਈ ਇੰਡੀਆ ਗਠਜੋੜ ਨੂੰ 2029 ਦੇ ਚੋਣਾਂ ਵਿਚ ਮਜ਼ਬੂਤੀ ਦੇ ਸਕਦੀ ਹੈ।
