
ਕੇਜਰੀਵਾਲ ਸਰਕਾਰ ਦਾ ਵਿਸ਼ੇਸ਼ ਉਪਰਾਲਾ
ਨਵੀਂ ਦਿੱਲੀ:, 22 ਅਪ੍ਰੈਲ (ਅਮਨਦੀਪ ਸਿੰਘ): ਕੇਜਰੀਵਾਲ ਸਰਕਾਰ ਵਲੋਂ ਤਾਲਾਬੰਦੀ ਦੇ ਮਾਹੌਲ ਵਿਚ ਆਂਗਨਵਾੜੀਆਂ ਰਾਹੀਂ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਸਿਹਤ ਸਹੂਲਤਾਂ ਦੇਣ ਤੇ ਖ਼ੁਰਾਕ ਦੀਆਂ ਲੋੜਾਂ ਪੂਰੀਆਂ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਦਿੱਲੀ ਦੇ ਸਮਾਜ ਭਲਾਈ, ਔਰਤਾਂ ਤੇ ਬਾਲ ਭਲਾਈ ਮਹਿਕਮੇ ਦੇ ਮੰਤਰੀ ਰਾਜੇਂਦਰਪਾਲ ਗੌਤਮ ਨੇ ਇਥੇ ਇਕ ਇਕੱਤਰਤਾ ਵਿਚ ਆਂਗਨਵਾੜੀ ਕੇਂਦਰਾਂ ਵਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਦੀ ਚਰਚਾ ਕੀਤੀ।
ਉਨਾਂ੍ਹ ਦਸਿਆ ਕਿ ਕਰੋਨਾ ਬੀਮਾਰੀ ਕਰ ਕੇ, ਆਂਗਨਵਾੜੀ ਮੁਲਾਜ਼ਮ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਘਰ ਘਰ ਜਾ ਕੇ, ਮੁੱਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ।
File photo
ਅਜੋਕੇ ਔਖੇ ਵੇਲੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਖ਼ਾਸ ਖ਼ੁਰਾਕ ਦੀ ਵੀ ਲੋੜ ਹੁੰਦੀ ਹੈ। ਇਸ ਲਈ ਮਹਿਕਮੇ ਦੇ ਅਫ਼ਸਰਾਂ ਨੂੰ ਖ਼ਾਸ ਹਦਾਇਤ ਦਿਤੀ ਗਈ ਹੈ ਕਿ ਉਹ ਆਂਗਨਵਾੜੀ ਦੇ ਬੱਚਿਆਂ ਨੂੰ ਪੰਜੀਰੀ ਤੇ ਹੋਰ ਖ਼ੁਰਾਕੀ ਵਸਤਾਂ ਦੀ ਥਾਂ ਵੱਧ ਖ਼ੁਰਾਕੀ ਤੱਤਾਂ ਨਾਲ ਭਰਪੂਰ ਵਸਤਾਂ ਜਿਵੇਂ ਮੁੰਗਫ਼ਲੀ ਤੇ ਪੁੰਗਰੇ ਹੋਏ ਛੌਲੇ, ਦੇਣ ਦਾ ਰਾਹ ਲੱਭਣ। ਉਨਾਂ੍ਹ ਆਂਗਨਵਾੜੀ ਤੇ ਬੁੱਢਾਪਾ ਕੇਂਦਰਾਂ ਦੇ ਮੁਲਾਜ਼ਮਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਇਨਾਂ੍ਹ ਨੂੰ ਕਰੋਨਾ ਦੀ ਜੰਗ ਵਿਚ ਯੋਧੇ ਆਖ ਕੇ ਵਡਿਆਇਆ। ਉਨ੍ਹ੍ਹਾਂ ਬਜ਼ੁਰਗਾਂ, ਅਪਾਹਜਾਂ ਅਤੇ ਵਿਧਵਾ ਪੈਨਸ਼ਨ ਧਾਰਕਾਂ ਨੂੰ ਵੇਲੇ ਸਿਰ ਪੈਨਸ਼ਨ ਦੇਣ ਦੀ ਵੀ ਪੜਚੋਲ ਕੀਤੀ । ਤਾਲਾਬੰਦੀ ਵਿਚ ਕੇਜਰੀਵਾਲ ਸਰਕਾਰ ਵਲੋਂ 8 ਲੱਖ ਤੋਂ ਵੱਧ ਪੈਨਸ਼ਨ ਧਾਰਕਾਂ ਦੇ ਖ਼ਾਤਿਆਂ ਵਿਚ 5 ਹਜ਼ਾਰ ਹਰੇਕ ਨੂੰ ਭੁਗਤਾਨ ਕੀਤਾ ਜਾ ਚੁਕਾ ਹੈ। ਹੁਣ ਲੋੜਵੰਦ ਔਰਤਾਂ ਨੂੰ ਸੈਨਟਰੀ ਨੈਪਕਿਨ ਦਿਤੇ ਜਾਣ ਦੇ ਟੀਚੇ 'ਤੇ ਕੰਮ ਕੀਤਾ ਜਾ ਰਿਹਾ ਹੈ।