
ਗੁਆਂਢੀਆਂ ਨਾਲ ਝਗੜੇ ਮਗਰੋਂ ਪੁਲਿਸ ਕੋਲ ਗਈ ਸੀ ਔਰਤ
ਫਿਰੋਜ਼ਪੁਰ (ਪਰਮਜੀਤ ਸਿੰਘ) ਆਮ ਤੌਰ ਤੇ ਸੂਬੇ ਅਤੇ ਦੇਸ਼ ਦੀ ਪੁਲਿਸ ਨੂੰ ਸੁਰੱਖਿਆ ਦੇ ਨਾਂ ਤੇ ਜਾਣਿਆ ਜਾਂਦਾ ਹੈ ਅਤੇ ਲੋਕ ਪੁਲਿਸ ਦੇ ਆਸਰੇ ਹੀ ਆਜ਼ਾਦ ਫਿਜ਼ਾ ਵਿਚ ਸਾਹ ਲੈਂਦੇ ਹਨ, ਪ੍ਰੰਤੂ ਜਦੋਂ ਸੁਰੱਖਿਆ ਕਰਨ ਵਾਲੀ ਪੁਲਿਸ ਸੁਰੱਖਿਆ ਦੇਣ ਦੀ ਬਜਾਏ, ਆਪ ਮਾਰ ਕੁਟਾਈ ਕਰਨ ਲੱਗ ਜਾਏ ਜਾਂ ਫਿਰ ਦੁਰਵਿਹਾਰ ਜਾਂ ਫਿਰ ਅੰਨ੍ਹਾ ਤਸ਼ੱਦਦ ਤਾਂ ਫਿਰ ਲੋਕਾਂ ਦੀ ਇਨਸਾਫ਼ ਲੈਣ ਦੀ ਆਸ ਮੱਧਮ ਹੀ ਨਹੀਂ ਪੈਂਦੀ, ਸਗੋਂ ਬਿਲਕੁਲ ਖ਼ਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਦਾ ਹੀ ਮਾਮਲਾ ਫ਼ਿਰੋਜ਼ਪੁਰ ਦੀ ਬਾਗਾਂ ਵਾਲੀ ਬਸਤੀ ਤੋਂ ਸਾਹਮਣੇ ਆਇਆ ਹੈ।
Nimmo
ਜਿੱਥੋਂ ਦੀ ਇਕ ਅਪਾਹਜ ਔਰਤ ਦੇ ਖਿਲਾਫ ਪਹਿਲਾਂ ਗੁਆਂਢੀਆਂ ਨੇ ਝੂਠੀ ਦਰਖਾਸਤ ਦਿੱਤੀ, ਪ੍ਰੰਤੂ ਜਦੋਂ ਉਸਨੇ ਆਪਣਾ ਇਨਸਾਫ਼ ਲੈਣ ਲਈ ਦਰਖਾਸਤ ਦਿੱਤੀ ਤਾਂ ਫਿਰੋਜ਼ਪੁਰ ਪੁਲਿਸ ਦੀਆਂ ਮਹਿਲਾ ਮੁਲਾਜ਼ਮਾਂ ਅਤੇ ਪੁਰਸ਼ ਮੁਲਾਜ਼ਮਾਂ ਨੇ ਉਸ ਨਾਲ ਧੱਕਾ ਮੁੱਕੀ ਕੀਤੀ। ਸਰੀਰ 'ਤੇ ਪਏ ਡਾਂਗਾਂ ਦੇ ਨਿਸ਼ਾਨ ਇਹ ਬਿਆਨ ਕਰਦੇ ਹਨ ਕਿ ਉਸ ਨੂੰ ਲੰਮਾ ਪਾ ਕੇ ਕੁੱਟਿਆ ਗਿਆ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਅਪਾਹਜ ਔਰਤ ਨਿੰਮੋ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਸ਼ਰਾਬ ਪੀ ਕੇ ਅਕਸਰ ਹੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ।
Nimmo
ਉਲਟਾ ਉਨ੍ਹਾਂ ਨੇ ਉਸ ਦੇ ਖ਼ਿਲਾਫ਼ ਇੱਕ ਝੂਠੀ ਦਰਖਾਸਤ ਦੇ ਦਿੱਤੀ ਅਤੇ ਅਸਲੀਅਤ ਦੱਸਣ ਲਈ ਜਦੋਂ ਉਹ ਲਿਖਤੀ ਦਰਖਾਸਤ ਲੈ ਕੇ ਥਾਣੇ ਗਈ ਤਾਂ ਉਸ ਨੂੰ ਇਨਸਾਫ ਨਹੀਂ ਮਿਲਿਆ। ਪੁਲਿਸ ਦੀ ਮਾਰ ਕੁੱਟ ਦੀ ਸ਼ਿਕਾਰ ਔਰਤ ਨੇ ਆਪਣੇ ਸਰੀਰ 'ਤੇ ਪਏ ਜ਼ਖ਼ਮ ਦਿਖਾਉਂਦਿਆਂ ਕਿਹਾ ਕਿ ਅੱਜ ਉਸ ਦੇ ਘਰ ਆ ਕੇ ਸਿਰਫ ਗੁਆਂਢੀਆਂ ਨੇ ਹੀ ਨਹੀਂ ਮਾਰ ਕੁੱਟ ਨਹੀਂ ਕੀਤੀ, ਸਗੋਂ ਪੁਲਿਸ ਵੱਲੋਂ ਉਸ ਨੂੰ ਚੁੱਕ ਕੇ ਲਿਜਾਇਆ ਗਿਆ। ਪੀਡ਼ਤ ਔਰਤ ਨੇ ਦੱਸਿਆ ਕਿ ਥਾਣੇ ਲਿਜਾ ਕੇ ਉਸ ਨੂੰ ਨਾਜਾਇਜ਼ ਤੌਰ ਤੇ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਧੱਕਾ ਮੁੱਕੀ ਕਰਨ ਤੋਂ ਬਾਅਦ ਡੰਡਿਆਂ ਨਾਲ ਲੰਮਾ ਪਾ ਕੇ ਮਾਰ ਕੁਟਾਈ ਕੀਤੀ ਗਈ।
Nimmo
ਆਪਣੀ ਦਰਦ ਭਰੀ ਕਹਾਣੀ ਬਿਆਨ ਕਰਦਿਆਂ ਗ਼ਰੀਬ ਔਰਤ ਨਿੰਮੋ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਉਹ ਪੁਲਿਸ ਤੋਂ ਇਨਸਾਫ਼ ਲੈਣ, ਪ੍ਰੰਤੂ ਜਦੋਂ ਇਨਸਾਫ਼ ਦੇਣ ਵਾਲੀ ਪੁਲਿਸ ਖੁਦ ਜ਼ੁਲਮ ਕਰਨ ਲੱਗੇ,ਤਾਂ ਦੱਸੋ ਫਿਰ ਇਨਸਾਫ ਮੰਗਣ ਲਈ ਕਿੱਥੇ ਜਾਣ। ਪੁਲਿਸ ਦੀ ਮਾਰ ਕੁੱਟ ਦੀ ਸ਼ਿਕਾਰ ਅਪਾਹਜ ਔਰਤ ਨੂੰ ਸਹਾਰਾ ਦੇ ਕੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਕਰਵਾਉਣ ਆਈ ਉਸ ਦੀ ਜੇਠਾਣੀ ਨੇ ਦੱਸਿਆ ਕਿ ਉਹ ਕੰਮ ਤੇ ਗਈ ਹੋਈ ਸੀ,ਜਦੋਂ ਵਾਪਸ ਆਈ ਤਾਂ ਉਸ ਨੂੰ ਪਤਾ ਲੱਗਿਆ ਕਿ ਪੁਲਿਸ ਨੇ ਪੂਰੇ ਮੁਹੱਲੇ ਦੇ ਸਾਹਮਣੇ ਉਸ ਦੀ ਦਰਾਣੀ ਨਾਲ ਮਾਰ ਕੁਟਾਈ ਕੀਤੀ ਅਤੇ ਉਸ ਨੂੰ ਚੁੱਕ ਕੇ ਥਾਣੇ ਲੈ ਗਈ।
Nimmo
ਉਸ ਨੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਸ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਸਨ। ਉਸ ਨੇ ਦੱਸਿਆ ਕਿ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਜਿਸ ਮੈਡਮ ਨੇ ਮਾਰ ਕੁਟਾਈ ਕੀਤੀ ਹੈ, ਉਸ ਨੂੰ ਮੈਂ ਵੀ ਦਰਖਾਸਤ ਦਿੱਤੀ ਸੀ, ਪ੍ਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ। ਸਗੋਂ ਪੁਲਿਸ ਕੋਲ ਧੱਕੇ ਹੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਕੋਲ ਇਨਸਾਫ਼ ਨਹੀਂ ਮਿਲਣਾ ਤੇ ਅਸੀਂ ਕਿਸ ਕੋਲੋਂ ਇਨਸਾਫ਼ ਮੰਗੀਏ।
Nimmo
ਪੀਡ਼ਤ ਅਪਾਹਜ ਔਰਤ ਅਤੇ ਉਸ ਦੀ ਜੇਠਾਣੀ ਵੱਲੋਂ ਪੁਲਿਸ ਵਲੋਂ ਕੀਤੀ ਗਈ ਮਾਰ ਕੁਟਾਈ ਦੇ ਲਗਾਏ ਇਲਜ਼ਾਮ ਜੇਕਰ ਸੱਚੇ ਹਨ ਤਾਂ ਇਹ ਬਹੁਤ ਹੀ ਘਿਨਾਉਣੀ ਹਰਕਤ ਹੈ। ਭਾਵੇਂ ਕਿ ਪੁਲਿਸ ਹਰ ਰੋਜ਼ ਕਿਸੇ ਨਾ ਕਿਸੇ ਮਾੜੇ ਕਾਰਜ ਕਰਕੇ ਸੁਰਖੀਆਂ 'ਚ ਰਹਿੰਦੀ ਹੈ, ਪ੍ਰੰਤੂ ਘੱਟੋ ਘੱਟ ਗਰੀਬ ਤੇ ਅਪਾਹਜ ਔਰਤ ਤੇ ਤਸ਼ੱਦਦ ਢਾਹੁਣ ਤੋਂ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ ਹੈ।
Nimmo
ਇਸ ਤਰ੍ਹਾਂ ਦੀ ਘਟਨਾਵਾਂ ਤੋਂ ਸਪੱਸ਼ਟ ਪਤਾ ਚਲਦਾ ਹੈ ਕਿ ਕਿੰਨੇ ਹੀ ਅਜਿਹੇ ਕੇਸ ਹੋਣਗੇ, ਜਿਹੜੇ ਪੁਲਿਸ ਖ਼ਿਲਾਫ਼ ਮੈਡੀਕਲ ਕਰਵਾਉਣ ਲਈ ਸਾਹਮਣੇ ਨਹੀਂ ਆਉਂਦੇ ਅਤੇ ਉਹ ਪੁਲਿਸ ਤੋਂ ਡਰਦੇ ਘਰ ਹੀ ਬੈਠ ਜਾਂਦੇ ਹਨ ਅਤੇ ਆਪਣੀਆਂ ਲੱਗੀਆਂ ਸੱਟਾਂ 'ਤੇ ਟਕੋਰਾਂ ਕਰਦੇ ਸਾਰੀ ਜਿੰਦਗੀ ਕੋਸਦੇ ਰਹਿੰਦੇ ਹਨ। ਇਸ ਸਬੰਧੀ ਜਦੋਂ ਡੀ ਐੱਸ ਪੀ ਫਿਰੋਜ਼ਪੁਰ ਸਿਟੀ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਲਿਸ ਦੀ ਵਕਾਲਤ ਕਰਦਿਆਂ ਕਿਹਾ ਕਿ ਪੁਲਿਸ 'ਤੇ ਦਬਾਅ ਬਣਾਉਣ ਲਈ ਝੂਠੇ ਇਲਜ਼ਾਮ ਲਗਾਏ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਦੀ ਜਾਂਚ ਪੜਤਾਲ ਕੀਤੀ ਜਾਵੇਗੀ।