
ਰੇਲਵੇ ਜੰਮੂ ਦੇ ਟਕੜਾ ਤੋਂ ਨਵੀਂ ਦਿੱਲੀ ਤਕ ਚਲਾਏਗੀ ਵਿਸ਼ੇਸ਼ ਰੇਲਗੱਡੀ
ਨਵੀਂ ਦਿੱਲੀ : ਸਰਕਾਰ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਸ੍ਰੀਨਗਰ ਤੋਂ ਵਾਧੂ ਉਡਾਣਾਂ ਚਲਾਈਆਂ ਜਾਣਗੀਆਂ ਅਤੇ ਪੁਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਤੋਂ ਵੱਡੀ ਗਿਣਤੀ ’ਚ ਸੈਲਾਨੀਆਂ ਦੀ ਵਾਪਸੀ ਦੇ ਮੱਦੇਨਜ਼ਰ ਇਸ ਮਾਰਗ ’ਤੇ ਹਵਾਈ ਕਿਰਾਏ ਵੀ ਵਾਜਬ ਪੱਧਰ ’ਤੇ ਰੱਖੇ ਜਾਣ। ਬੁਧਵਾਰ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਦੇ ਵਿਚਕਾਰ 20 ਉਡਾਣਾਂ ’ਚ 3337 ਮੁਸਾਫ਼ਰਾਂ ਨੇ ਸ਼੍ਰੀਨਗਰ ਤੋਂ ਉਡਾਣ ਭਰੀ।
ਇੰਡੀਗੋ ਏਅਰ ਇੰਡੀਆ ਅਤੇ ਸਪਾਈਸਜੈੱਟ ਸ਼੍ਰੀਨਗਰ ਤੋਂ ਅਪਣੀਆਂ ਆਮ ਨਿਰਧਾਰਤ ਸੇਵਾਵਾਂ ਤੋਂ ਇਲਾਵਾ ਕੁਲ ਸੱਤ ਵਾਧੂ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ।ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਬੁਧਵਾਰ ਨੂੰ ਕਿਹਾ ਕਿ ਏਅਰਲਾਈਨ ਕੰਪਨੀਆਂ ਨੂੰ ਕਿਰਾਏ ’ਚ ਕਿਸੇ ਵੀ ਵਾਧੇ ਤੋਂ ਬਚਣ ਲਈ ਸਖਤ ਹੁਕਮ ਦਿਤੇ ਗਏ ਹਨ ਅਤੇ ਕਿਰਾਏ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਵਾਜਬ ਪੱਧਰ ’ਤੇ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਦੀ ਇਹ ਟਿਪਣੀ ਕੁੱਝ ਵੈੱਬਸਾਈਟਾਂ ਵਲੋਂ ਸ੍ਰੀਨਗਰ ਤੋਂ ਜਾਣ ਵਾਲੀਆਂ ਉਡਾਣਾਂ ਲਈ ਟਿਕਟਾਂ ਦੀਆਂ ਕੀਮਤਾਂ 50,000 ਰੁਪਏ ਤੋਂ ਵੱਧ ਵਿਖਾਈਆਂ ਜਾਣ ਦੇ ਪਿਛੋਕੜ ਵਿਚ ਆਈ ਹੈ। ਦੇਸ਼ ਦੀ ਸੱਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਕਿਹਾ ਕਿ ਐਮਰਜੈਂਸੀ ਸਥਿਤੀ ਦੇ ਮੱਦੇਨਜ਼ਰ ਉਸ ਨੇ ਕਿਰਾਏ ਨੂੰ ਘੱਟ ਰੱਖਣ ਲਈ ਕਦਮ ਚੁਕੇ ਹਨ। ਸ੍ਰੀਨਗਰ ਤੋਂ ਸਾਰੀਆਂ ਏਅਰਲਾਈਨਾਂ ਨੇ ਟਿਕਟਾਂ ਰੱਦ ਕਰਨ ’ਤੇ ਮੁਸਾਫ਼ਰਾਂ ’ਤੇ ਜੁਰਮਾਨਾ ਲਾਉਣਾ ਬੰਦ ਕਰ ਦਿਤਾ ਹੈ। ਹਵਾਈ ਅੱਡਿਆਂ ’ਤੇ ਉਡੀਕ ਕਰ ਰਹੇ ਲੋਕਾਂ ਲਈ ਟੈਂਟ ਲਗਾਏ ਗਏ ਹਨ ਅਤੇ ਭੋਜਨ ਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਦੂਜੇ ਪਾਸੇ ਭਾਰਤੀ ਰੇਲਵੇ ਨੇ ਕਸ਼ਮੀਰ ਛੱਡ ਕੇ ਜਾ ਰਹੇ ਸੈਲਾਨੀਆਂ ਲਈ ਕਟੜਾ ਤੋਂ ਨਵੀਂ ਦਿੱਲੀ ਤਕ ਸਵੇਰੇ 9:20 ਵਜੇ ਵਿਸ਼ੇਸ਼ ਰੇਲਗੱਡੀ ਵੀ ਚਲਾਈ। ਅਪਣੀਆਂ ਗੱਡੀਆਂ ’ਤੇ ਆਏ ਲੋਕਾਂ ਨੂੰ ਸੂਬੇ ਤੋਂ ਬਾਹਰ ਜਾਣ ਲਈ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ਨੂੰ ਖੋਲ੍ਹ ਦਿਤਾ ਗਿਆ ਹੈ, ਜੋ ਪਿਛਲੇ ਤਿੰਨ ਦਿਨਾਂ ਤੋਂ ਬੰਦ ਸੀ।