
ਪਟਰੌਲ 33 ਪੈਸੇ ਅਤੇ ਡੀਜ਼ਲ ਵਿਚ 58 ਪੈਸੇ ਪ੍ਰਤੀ ਲੀਟਰ ਦਾ ਵਾਧਾ
ਨਵੀਂ ਦਿੱਲੀ, 22 ਜੂਨ : ਤੇਲ ਕੰਪਨੀਆਂ ਨੇ ਸੋਮਵਾਰ ਨੂੰ ਲਗਾਤਾਰ 16ਵੇਂ ਦਿਨ ਪਟਰੌਲ, ਡੀਜ਼ਲ ਦਾ ਮੁੱਲ ਵਧਾ ਦਿਤਾ। ਪਟਰੌਲ ਦੇ ਮੁੱਲ ਵਿਚ ਸੋਮਵਾਰ 33 ਪੈਸੇ ਅਤੇ ਡੀਜ਼ਲ ਵਿਚ 58 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਪ੍ਰਚੂਨ ਮੁੱਲ ਰਿਕਾਰਡ ਉਚਾਈ ’ਤੇ ਪਹੁੰਚ ਗਿਆ। ਤਾਜ਼ਾ ਵਾਧੇ ਤੋਂ ਬਾਅਦ ਦਿੱਲੀ ਵਿਚ ਪਟਰੌਲ ਦਾ ਮੁੱਲ 79.23 ਰੁਪਏ ਤੋਂ ਵੱਧ ਕੇ 79.56 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ। ਤੇਲ ਕੰਪਨੀਆਂ ਵਲੋਂ ਜਾਰੀ ਸੂਚਨਾ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਤੇਲ ਕੰਪਨੀਆਂ ਦੇਸ਼ਭਰ ਵਿਚ ਇਕੱਠੀਆਂ ਮੁੱਲ ਵਧਾਉਂਦੀਆਂ ਹਨ ਪਰ ਸੂਬਿਆਂ ਵਿਚ ਇਨ੍ਹਾਂ ’ਤੇ ਵਖਰੀ ਦਰ ਨਾਲ ਲੱਗਣ ਵਾਲੇ ਵਿਕਰੀ ਟੈਕਸ ਅਤੇ ਮੁੱਲ ਨਿਰਧਾਰਤ ਟੈਕਸ (ਵੈਟ) ਕਾਰਨ ਇਹ ਪ੍ਰਚੂਨ ਮੁੱਲ ਵਖਰੇ-ਵਖਰੇ ਹੁੰਦੇ ਹਨ।
File
ਪਿਛਲੇ 16 ਦਿਨਾਂ ਤੋਂ ਡੀਜ਼ਲ ਅਤੇ ਪਟਰੌਲ ਦੇ ਪ੍ਰਚੂਨ ਮੁੱਲ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਟਰੌਲ ਦਾ ਕੁੱਲ ਮਿਲਾਕੇ 8.30 ਰੁਪਏ ਅਤੇ ਡੀਜ਼ਲ ਦੇ ਮੁੱਲ ਵਿਚ 9.46 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ, ਮਈ ਦੌਰਾਨ ਜਦੋਂ ਪੂਰੀ ਦੁਨੀਆਂ ਵਿਚ ਕੋਰੋਨਾ ਮਹਾਂਮਾਰੀ ਕਾਰਨ ਤਾਲਾਬੰਦੀ ਚੱਲ ਰਹੀ ਸੀ ਉਦੋਂ ਕੱਚੇ ਤੇਲ ਦੀ ਕੀਮਤ ਦੋ ਦਹਾਕਿਆਂ ਦੇ ਹੇਠਲੇ ਪੱਧਰ ਤਕ ਗਿਰ ਗਈ ਸੀ ਪਰ ਜੂਨ ਦੀ ਸ਼ੁਰੂਆਤ ਵਿਚ ਆਰਥਕ ਗਤੀਵਿਧੀਆਂ ਸ਼ੁਰੂ ਹੋਣ ਤੋਂ ਬਾਅਦ ਮੰਗ ਵਧਣ ਨਾਲ ਕੱਚੇ ਤੇਲ ਦੇ ਮੁੱਲ ਵਿਚ ਹੌਲੀ ਹੌਲੀ ਵਾਧਾ ਹੋਣ ਲਗਿਆ ਹੈ। ਇਹੀ ਕਾਰਨ ਹੈ ਕਿ ਤੇਲ ਕੰਪਨੀਆਂ ਵੀ ਉਸੇ ਵਾਧੇ ਅਨੁਸਾਰ ਮੁੱਲ ਵਿਚ ਵਾਧਾ ਕਰ ਰਹੀਆਂ ਹਨ। (ਪੀਟੀਆਈ)