
ਯੂ.ਪੀ. ਤੋਂ ਬਾਅਦ ਪੰਜਾਬ ਦੇ ਮਾਲਵੇ ’ਚ ਵੀ ਪਿਛਲੇ ਦੋ ਦਿਨਾਂ ਤੋਂ ਸੀ.ਐਸ.ਆਈ. ਪੱਧਰ 2 ਤੋਂ 3 ਵਿਚਕਾਰ ਚਲ ਰਿਹਾ ਹੈ
ਨਵੀਂ ਦਿੱਲੀ: ਜਲਵਾਯੂ ਤਬਦੀਲੀ ਕਾਰਨ ਉੱਤਰ ਪ੍ਰਦੇਸ਼ ’ਚ ਲੂ ਚੱਲਣ ਦਾ ਖਦਸ਼ਾ ਘੱਟ ਤੋਂ ਘੱਟ ਦੁੱਗਣਾ ਹੋ ਗਿਆ ਹੈ। ਕਲਾਈਮੇਟ ਚੇਂਜ ਇੰਡੈਕਸ (ਸੀ.ਐਸ.ਆਈ.) ਨਾਮਕ ਪ੍ਰਣਾਲੀ ਨਾਲ ਇਕ ਵਿਸ਼ਲੇਸ਼ਣ ’ਚ ਇਹ ਦਾਅਵਾ ਕੀਤਾ ਗਿਆ ਹੈ। ਸੀ.ਐਸ.ਆਈ. ਦਾ ਵਿਕਾਸ ‘ਕਲਾਈਮੈਟ ਸੈਂਟਰਲ’ ਨੇ ਕੀਤਾ ਹੈ, ਜੋ ਅਮਰੀਕਾ ’ਚ ਰਹਿ ਰਹੇ ਵਿਗਿਆਨੀਆਂ ਅਤੇ ਸੰਚਾਰਕਾਂ ਦਾ ਇਕ ਆਜ਼ਾਦ ਸਮੂਹ ਹੈ। ਇਹ ਪ੍ਰਣਾਲੀ ਦਿਨ ਦੇ ਤਾਪਮਾਨ ’ਤੇ ਜਲਵਾਯੂ ਤਬਦੀਲੀ ਦਾ ਅਸਰ ਪਤਾ ਕਰਨ ’ਚ ਮਦਦ ਕਰਦੀ ਹੈ।
ਪਿੱਛੇ ਜਿਹੇ ਭਿਆਨਕ ਲੂ ਦੀ ਮਾਰ ਹੇਠ ਆਉਣ ਕਾਰਨ ਉੱਤਰ ਪ੍ਰਦੇਸ਼ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਹਸਪਤਾਲਾਂ ’ਚ ਭਰਤੀ ਕਰਵਾਉਣਾ ਪਿਆ ਸੀ। ਸਿਰਫ਼ ਬਲੀਆ ’ਚ ਹੀ ਲੂ ਦੀ ਮਾਰ ਹੇਠ ਆਉਣ ਕਾਰਨ ਜ਼ਿਲ੍ਹਾ ਹਸਪਤਾਲ ’ਚ ਪੰਜ ਦਿਨਾਂ ਅੰਦਰ 68 ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਸੀ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਲੂ ਲੱਗਣ ਨਾਲ ਸਿਰਫ਼ ਦੋ ਲੋਕਾਂ ਦੀ ਜਾਨ ਗਈ ਹੈ। ਮੀਡੀਆ ’ਚ ਆਈਆਂ ਖ਼ਬਰਾਂ ਮੁਤਾਬਕ, ਗੁਆਂਢੀ ਦੇਵਰੀਆ ਜ਼ਿਲ੍ਹੇ ’ਚ ਵੀ ਲੂ ਨਾਲ ਕਈ ਮੌਤਾਂ ਹੋਈਆਂ।
‘ਕਲਾਈਮੇਟ ਸੈਂਟਰਲ’ ਦਾ ਸੀ.ਐਸ.ਆਈ. ਇਸ ਗੱਲ ਦਾ ਅੰਦਾਜ਼ਾ ਲਾਉਂਦਾ ਹੈ ਕਿ ਤਾਪਮਾਨ ’ਚ ਇਤਿਹਾਸਕ ਔਰਤ ਤੋਂ ਕਿੰਨੀ ਵਾਰ ਅਤੇ ਕਿਸ ਹੱਦ ਤਕ ਤਬਦੀਲੀ ਆਈ ਹੈ। ਸੀ.ਐਸ.ਆਈ. ਪੱਧਰ ਇਕ ਅੰਕ ਤੋਂ ਵੱਧ ਹੋਣਾ ਜਲਵਾਯੂ ਤਬਦੀਲੀ ਦਾ ਸੰਕੇਤ ਦਿੰਦਾ ਹੈ। ਜਦਕਿ, ਇਸ ਦੇ ਦੋ ਤੋਂ ਪੰਜ ਅੰਕ ਵਿਚਕਾਰ ਹੋਣ ਦਾ ਮਤਲਬ ਹੈ ਕਿ ਜਲਵਾਯੂ ਤਬਦੀਲੀ ਨੇ ਤਾਪਮਾਨ ’ਚ ਬਦਲਾਅ ਦੀ ਸੰਭਾਵਨਾ ਦੋ ਤੋਂ ਪੰਜ ਗੁਣਾ ਵਧਾ ਦਿਤੀ।
ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਉੱਤਰ ਪ੍ਰਦੇਸ਼ ’ਚ ਕੁੱਝ ਹਿੱਸਿਆਂ ’ਚ ਸੀ.ਐਸ.ਆਈ. ਪੱਧਰ ਤਿੰਨ ਅੰਕ ਤਕ ਪਹੁੰਚ ਗਿਆ, ਜਿਸ ਦਾ ਅਰਥ ਹੈ ਕਿ ਜਲਵਾਯੂ ਤਬਦੀਲੀ ਕਾਰਨ ਤਾਪਮਾਨ ’ਚ ਤਬਦੀਲੀ ਦੀ ਸੰਭਾਵਨਾ ਤਿੰਨ ਗੁਣਾ ਵਧ ਗਈ ਹੈ। ਪੰਜਾਬ ਦੇ ਮਾਲਵਾ ਇਲਾਕੇ ’ਚ ਵੀ ਪਿਛਲੇ ਦੋ ਦਿਨਾਂ ਤੋਂ ਇਹੋ ਜਿਹੀ ਸਥਿਤੀ ਹੈ ਜਿੱਥੇ ਸੀ.ਐਸ.ਆਈ. ਪੱਧਰ 2 ਤੋਂ 3 ਵਿਚਕਾਰ ਚਲ ਰਿਹਾ ਹੈ।
‘ਕਲਾਈਮੇਟ ਸੈਂਟਰਲ’ ਦੇ ਖੋਜੀਆਂ ਨੇ ਕਿਹਾ ਹੈ ਕਿ ਨਵੇਂ ਵਿਸ਼ਲੇਸਣ ਤੋਂ ਸੰਕੇਤ ਮਿਲਦੇ ਹਨ ਕਿ ਉੱਤਰ ਪ੍ਰਦੇਸ਼ 14 ਤੋਂ 16 ਜੂਨ ਤਕ ਭਿਆਨਕ ਲੂ ਦੀ ਮਾਰ ਹੇਠ ਸੀ ਅਤੇ ਇਸ ਦੌਰਾਨ ਮਨੁੱਖੀ ਗਤੀਵਿਧੀਆਂ ਕਾਰਨ ਜਲਵਾਯੂ ਤਬਦੀਲੀ ਨੇ ਇਲਾਕੇ ’ਚ ਲੂ ਚੱਲਣ ਦੇ ਖਦਸ਼ੇ ਨੂੰ ਘੱਟ ਤੋਂ ਘੱਟ ਦੁੱਗਣਾ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ’ਚ ਬਹੁਤ ਉੱਚ ਤਾਪਮਾਨ ਅਤੇ ਉਮਸ ਕਾਰਨ ਲੂ ਦਾ ਕਹਿਰ ਕਾਫ਼ੀ ਵਧ ਗਿਆ।