ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਤਵਾਰ ਨੂੰ ਡੀ.ਐਮ.ਕੇ. ਸ਼ਾਸਿਤ ਤਾਮਿਲਨਾਡੂ ’ਚ ਜ਼ਹਿਰੀਲੀ ਸ਼ਰਾਬ ਦੀ ਤ੍ਰਾਸਦੀ ਨੂੰ ਲੈ ਕੇ ‘ਇੰਡੀਆ’ ਗਠਜੋੜ ਦੀਆਂ ਪਾਰਟੀਆਂ ’ਤੇ ਹਮਲਾ ਬੋਲਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮੁੱਦੇ ’ਤੇ ਚੁੱਪ ਧਾਰਨ ਕਰਨ ਵਾਲੇ ਗਠਜੋੜ ਦੇ ਨੇਤਾ ਘੱਟੋ-ਘੱਟ ਸੰਸਦ ਭਵਨ ’ਚ ਮਹਾਤਮਾ ਗਾਂਧੀ ਦੀ ਮੂਰਤੀ ਨੇੜੇ ਇਕੱਠੇ ਹੋਣਗੇ ਅਤੇ ਅਪਣੀਆਂ ਜਾਨਾਂ ਗੁਆਉਣ ਵਾਲਿਆਂ ਲਈ ਇਕ ਮਿੰਟ ਦਾ ਮੌਨ ਰੱਖ ਕੇ ਪਛਤਾਵਾ ਕਰਨਗੇ।
ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਅਤੇ ਕਾਂਗਰਸ ਨੂੰ ਕਿਹਾ ਕਿ ਉਹ ਇਸ ਮੁੱਦੇ ਨੂੰ ਸਿਰਫ ਇਸ ਲਈ ਨਜ਼ਰਅੰਦਾਜ਼ ਨਹੀਂ ਕਰ ਸਕਦੀ ਕਿਉਂਕਿ ਡੀ.ਐਮ.ਕੇ. ਉਸ ਦੀ ਸਹਿਯੋਗੀ ਹੈ।
ਭਾਜਪਾ ਹੈੱਡਕੁਆਰਟਰ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਵੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਉਹ ਸੂਬੇ ਦੇ ਕਲਾਕੁਰਿਚੀ ਜ਼ਿਲ੍ਹੇ ’ਚ ਵਾਪਰੀ ਘਟਨਾ ’ਚ ‘ਸ਼ਾਮਲ’ ਸਨ।
ਤਾਮਿਲਨਾਡੂ ਦੀ ਘਟਨਾ ਦਾ ਜ਼ਿਕਰ ਕਰਦਿਆਂ ਪਾਤਰਾ ਨੇ ਕਿਹਾ, ‘‘56 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਕਈਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ’ਚ 40 ਤੋਂ ਵੱਧ ਦਲਿਤ ਵੀ ਸ਼ਾਮਲ ਹਨ। ਇਹ ਸਰਕਾਰ ਵਲੋਂ ਪ੍ਰਾਯੋਜਿਤ ਕਤਲ ਹੈ ਅਤੇ ਮੈਨੂੰ ਹੈਰਾਨੀ ਹੈ ਕਿ ਕਾਂਗਰਸ ਦੇ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸੋਨੀਆ ਗਾਂਧੀ, ਡੀ.ਐਮ.ਕੇ. ਨੇਤਾ ਅਤੇ ‘ਇੰਡੀਆ’ ਗਠਜੋੜ ਦੇ ਹੋਰ ਭਾਈਵਾਲ ਇਸ ’ਤੇ ਚੁੱਪ ਹਨ।’’
ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਅਜਿਹਾ ਲਗਦਾ ਹੈ ਕਿ ‘ਇੰਡੀਆ’ ਗਠਜੋੜ ਪਾਰਟੀਆਂ ਦੇ ਨੇਤਾ ਇਸ ਮੁੱਦੇ ’ਤੇ ਚੁੱਪ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਸਿਆਸੀ ਲਾਭ ਨਹੀਂ ਮਿਲੇਗਾ।
ਪਾਤਰਾ ਨੇ ਕਿਹਾ, ‘‘ਕੱਲ੍ਹ (ਸੋਮਵਾਰ) ਜਦੋਂ ਸੰਸਦ ਸੈਸ਼ਨ ਸ਼ੁਰੂ ਹੋਵੇਗਾ ਤਾਂ ਮੈਨੂੰ ਉਮੀਦ ਹੈ ਕਿ ‘ਇੰਡੀ‘ ਗਠਜੋੜ ਦੇ ਨੇਤਾ ਮਹਾਤਮਾ ਗਾਂਧੀ ਦੀ ਮੂਰਤੀ ’ਤੇ ਜਾਣਗੇ, ਅਪਣੀਆਂ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੌਨ ਰਖਣਗੇ ਅਤੇ ਜ਼ਹਿਰੀਲੀ ਸ਼ਰਾਬ ਨਾਲ ਹੋਏ ਨੁਕਸਾਨ ਲਈ ਪਛਤਾਵਾ ਕਰਨਗੇ।’’
ਉਨ੍ਹਾਂ ਕਿਹਾ, ‘‘ਮਹਾਤਮਾ ਗਾਂਧੀ ਨਾਜਾਇਜ਼ ਸ਼ਰਾਬ ਦੇ ਵਿਰੁਧ ਸਨ। ਗਾਂਧੀ ਜੀ ਦੀ ਮੂਰਤੀ ਤੁਹਾਡੀ ਉਡੀਕ ਕਰ ਰਹੀ ਹੈ, ਉਨ੍ਹਾਂ ਦੇ ਸਿਧਾਂਤ ਤੁਹਾਡੀ ਉਡੀਕ ਕਰ ਰਹੇ ਹਨ।’’ ਮੁੱਖ ਮੰਤਰੀ ਸਟਾਲਿਨ ’ਤੇ ਨਿਸ਼ਾਨਾ ਸਾਧਦੇ ਹੋਏ ਪਾਤਰਾ ਨੇ ਤਾਮਿਲਨਾਡੂ ਸਰਕਾਰ ਅਤੇ ਡੀ.ਐਮ.ਕੇ. ਨੇਤਾਵਾਂ ’ਤੇ ਜ਼ਹਿਰੀਲੀ ਸ਼ਰਾਬ ਦੀ ਤ੍ਰਾਸਦੀ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ।
ਕੁੱਝ ਮੀਡੀਆ ਰੀਪੋਰਟਾਂ ਦਾ ਹਵਾਲਾ ਦਿੰਦੇ ਹੋਏ ਭਾਜਪਾ ਬੁਲਾਰੇ ਨੇ ਕਿਹਾ, ‘‘ਅਪਣੇ ਪਹਿਲੇ ਬਿਆਨ ’ਚ ਜ਼ਿਲ੍ਹਾ ਕੁਲੈਕਟਰ ਨੇ ਸ਼ੁਰੂ ’ਚ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਸਨ। ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਗਿਆ ਸੀ ਕਿਉਂਕਿ ਅਗਲੇ ਹੀ ਦਿਨ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣਾ ਸੀ।’’
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕੁਲੈਕਟਰ, ਜਿਸ ਕੋਲ ਨਾਜਾਇਜ਼ ਸ਼ਰਾਬ ਦਾ ਸਟਾਕ ਸੀ, ਦੇ ਇਨਕਾਰ ਕਰਨ ਕਾਰਨ ਉਹ ਇਸ ਦਾ ਸੇਵਨ ਕਰਦਾ ਰਿਹਾ ਅਤੇ ਅਗਲੇ ਦਿਨ 12 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ, ‘‘ਬੇਸ਼ਕ ਤਾਮਿਲਨਾਡੂ ਸਰਕਾਰ ਇਸ ’ਚ ਸ਼ਾਮਲ ਹੈ। ਮੁੱਖ ਮੰਤਰੀ ਦੇ ਵਿਵਹਾਰ ਨੂੰ ਦੇਖੋ। ਮੈਂ ਹੈਰਾਨ ਹਾਂ ਕਿ ਸੂਬੇ ’ਚ ਇੰਨਾ ਵੱਡਾ ਦੁਖਾਂਤ ਵਾਪਰਿਆ ਹੈ, ਫਿਰ ਵੀ ਮੁੱਖ ਮੰਤਰੀ ਗੈਰ ਹਾਜ਼ਰ ਹਨ। ਜਦੋਂ ਮੈਂ ਇਹ ਪ੍ਰੈਸ ਕਾਨਫਰੰਸ ਕਰਨ ਆਇਆ ਸੀ ਤਾਂ ਮੁੱਖ ਮੰਤਰੀ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ ਮਿਲਣ ਨਹੀਂ ਗਏ ਸਨ।’’