
ਚੰਦਰਯਾਨ-2 ਦਾ ਇਕ ਸਾਲ ਹੋਇਆ ਪੂਰਾ
ਬੰਗਲੁਰੂ, 22 ਜੁਲਾਈ : ਭਾਰਤ ਦੇ ਦੂਜੇ ਚੰਦਰ ਮਿਸ਼ਨ ਚੰਦਰਯਾਨ -2 ਦੇ ਬੁਧਵਾਰ ਨੂੰ ਲਾਂਚ ਦੇ ਇਕ ਸਾਲ ਪੂਰਾ ਹੋਣ ਦੇ ਮੌਕੇ ’ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਹੈ ਕਿ ਇਸਦੇ ਸਾਰੇ ਅੱਠ ਉਪਕਰਣ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ। ਚੰਦਰਯਾਨ -2 ਜੀਐਸਐਲਵੀ ਐਮਕੇ-3 ਐਮ 1 ਰਾਕੇਟ ਤੋਂ ਲਾਂਚ ਕੀਤਾ ਗਿਆ ਸੀ।
ਇਸਰੋ ਨੇ ਕਿਹਾ ਕਿ ਚੰਦਰਮਾ ਦੀਆਂ ਤਸਵੀਰਾਂ ਅਤੇ ਧਰੂਵੀ ਕਵਰੇਜ ਦੀਆਂ ਤਸਵੀਰਾਂ ਲੈਣਾ ਮੁਹਿੰਮ ਦੀ ਯੋਜਨਾ ਅਨੁਸਾਰ ਕੀਤਾ ਜਾ ਰਿਹਾ ਹੈ। ਉਥੇ ਹੀ,, ਚੰਦਰਯਾਨ -2 ਦੇ ਵਿਗਿਆਨਕ ਅੰਕੜਿਆਂ ਦਾ ਡੇਟਾ ਜਨਤਕ ਤੌਰ ’ਤੇ ਜਾਰੀ ਕੀਤਾ ਜਾਣਾ ਅਕਤੂਬਰ ਤੋਂ ਸ਼ੁਰੂ ਹੋਵੇਗਾ। ਪੁਲਾੜ ਏਜੰਸੀ ਨੇ ਕਿਹਾ, “ਚੰਦਰਯਾਨ -2 ਦੇ ਉਪਕਰਣਾਂ ਤੋਂ ਵਿਆਪਕ ਅੰਕੜੇ ਪ੍ਰਾਪਤ ਕੀਤੇ ਗਏ ਹਨ ਅਤੇ ਧਰੂਵੀ ਖੇਤਰਾਂ ਵਿਚ ਬਰਫ਼ ਦੇ ਰੂਪ ਵਿਚ ਜੰਮੇ ਪਾਣੀ ਦੀ ਮੌਜੂਦਗੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’
File Photo
ਇਸਰੋ ਨੇ ਕਿਹਾ ਕਿ ਐਕਸ-ਰੇ ਅਧਾਰਿਤ ਅਤੇ ਸਪੈਕਟਰੋਸਕੋਪੀਕ ਖਣਿਜ ਜਾਣਕਾਰੀ ਨਾਲ ਤੇ ਉੱਚ ਅਤੇ ਨੀਵੇਂ ਸਥਾਨਾਂ ’ਤੇ ਆਰਗਨ -40 ਗੈਸ ਦੀ ਮੌਜੂਦਗੀ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਾੜ ਏਜੰਸੀ ਨੇ ਕਿਹਾ ਕਿ ਚੰਦਰਯਾਨ-2 ਵਿਗਿਆਨ ਪ੍ਰਯੋਗ ਦੀ ਮਹੱਤਵਪੂਰਣ ਜਾਣਕਾਰੀ ਮਾਰਚ 2020 ਵਿਚ ਸਾਲਾਨਾ ਚੰਦਰ ਗ੍ਰਹਿ ਵਿਗਿਆਨ ਕਾਨਫਰੰਸ ਵਿਚ ਜਾਰੀ ਕਰਨ ਦੀ ਯੋਜਨਾ ਸੀ, ਪਰ ਕੋਵਿਡ -19 ਮਹਾਂਮਾਰੀ ਕਾਰਨ ਰੱਦ ਕਰ ਦਿਤੀ ਗਈ ਸੀ। ਪੁਲਾੜ ਯਾਨ 20 ਅਗੱਸਤ 2019 ਨੂੰ ਚੰਦਰਮਾ ਦੇ ਚੱਕਰ ਵਿਚ ਦਾਖ਼ਲ ਹੋਇਆ ਸੀ।
ਚੰਦਰਯਾਨ -2 ਮਿਸ਼ਨ ਚੰਦਰਮਾ ਦੀ ਸਤਹ ’ਤੇ ਉਤਰਨ ਦੀ ਭਾਰਤ ਦੀ ਪਹਿਲੀ ਕੋਸ਼ਿਸ਼ ਸੀ। ਇਸਰੋ ਨੇ ਚੰਦਰਮਾ ਦੀ ਸਤਹ ਦੇ ਦਖਣ ਧਰੁਵ ’ਤੇ ਉਤਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ, ‘ਲੈਂਡਰ’ ਵਿਕਰਮ ਨੇ ਪਿਛਲੇ ਸਾਲ ਸਤੰਬਰ ’ਚ ਚੰਨ ’ਤੇ ‘ਹਾਰਡ ਲੈਂਡਿੰਗ’ ਕੀਤੀ ਸੀ। ਇਸ ਦਾ ਆਰਬਿਟ ਅਜੇ ਵੀ ਚੰਦਰਮਾ ਦੇ ਚੱਕਰ ਵਿਚ ਹੈ ਅਤੇ ਸੱਤ ਸਾਲਾਂ ਲਈ ਸੇਵਾ ਕਰੇਗਾ। ਇਸਰੋ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਦੀ ਵਰਤੋਂ ਤੀਜੇ ਚੰਦਰ ਮਿਸ਼ਨ ਵਿਚ ਵੀ ਕੀਤੀ ਜਾਏਗੀ। (ਪੀਟੀਆਈ)