
ਚਾਂਦੀ ਦੀ ਵੀ ਲੰਮੀ ਛਾਲ, 60,400 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਉਚਾਈ ’ਤੇ ਪੁੱਜੀ
ਨਵੀਂ ਦਿੱਲੀ, 22 ਜੁਲਾਈ : ਕੌਮਾਂਤਰੀ ਬਾਜ਼ਾਰ ’ਚ ਬਹੁਮੁੱਲੇ ਧਾਤੂਆਂ ਦੀਆਂ ਕੀਮਤਾਂ ’ਚ ਤੇਜ਼ੀ ਵਿਚਾਲੇ ਬੁਧਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ’ਚ ਸੋਨਾ 430 ਰੁਪਏ ਦੀ ਲੰਮੀ ਛਾਲ ਲਗਾ ਕੇ 50,920 ਰੁਪਏ ਪ੍ਰਤੀ ਦੱਸ ਗ੍ਰਾਮ ਦੇ ਨਵੇਂ ਰੀਕਾਰਡ ਉੱਚ ਪੱਧਰ ’ਤੇ ਪੁੱਜ ਗਿਆ। ਇਸ ਤੋਂ ਪਹਿਲਾਂ ਦੇ ਕਾਰੋਬਾਰੀ ਸੈਸ਼ਨ ’ਚ ਸੋਨਾ 50,490 ਰਪਏ ਪ੍ਰਤੀ ਦੱਸ ਗ੍ਰਾਮ ’ਤੇ ਬੰਦ ਹੋਇਆ ਸੀ।
File Photo
ਚਾਂਦੀ ਵੀ 2550 ਰੁਪਏ ਦੀ ਤੇਜ਼ੀ ਨਾਲ 60,400 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਉਚਾਈ ’ਤੇ ਪੁੱਜ ਗਿਆ। ਮੰਗਲਵਾਰ ਨੂੰ ਇਸ ਦਾ ਬੰਦ ਭਾਅ 57,850 ਰੁਪਏ ਪ੍ਰਤੀ ਕਿਲੇ ਸੀ। ਐਚਡੀਐਫ਼ਸੀ ਸਕਿਉਰਿਟੀ ਦੇ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, ‘‘ਦਿੱਲੀ ’ਚ 24 ਕੈਰੇਟ ਸੋਨੇ ਦੀ ਕੀਮਤ 430 ਰੁਪਏ ਦੀ ਤੇਜ਼ੀ ਨਾਲ ਨਵੇਂ ਰੀਕਾਰਡ ’ਤੇ ਪੁੱਜ ਗਈ। ਇਹ ਕੌਮਾਂਤਰੀ ਬਾਜ਼ਾਰ ਦੇ ਰੁਖ ਦੇ ਅਨੁਕੂਲ ਹੈ।’’
ਕੌਮਾਤਰੀ ਬਾਜ਼ਾਰ ’ਚ ਸੋਨਾ ਲਾਭ ਦਰਸਾਉਂਦਾ 1,855 ਡਾਲਰ ਪ੍ਰਤੀ ਔਂਸ ’ਤੇ ਬੋਲਿਆ ਗਿਆ ਜਦੋਂ ਕਿ ਚਾਂਦੀ ਦਾ ਭਾਅ 21.80 ਡਾਲਰ ਪ੍ਰਤੀ ਔਂਸ ਹੋ ਗਿਆ। ਉਨ੍ਹਾਂ ਕਿਹਾ ਕਿ ਬੁਧਵਾਰ ਨੂੰ ਸੋਨੇ ਦੀ ਕੌਮਾਂਤਰੀ ਕੀਮਤ 1850 ਡਾਲਰ ਪ੍ਰਤੀ ਔਂਸ ਦੇ ਪਾਰ ਪਹੁੰਚਣ ਤੋਂ ਇਥੇ ਪੀਲੀ ਧਾਤ ਦੀ ਖ਼ਰੀਦ ਕਾਫ਼ੀ ਵੱਧ ਗਈ। ਉਨ੍ਹਾਂ ਕਿਹਾ, ‘‘ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧਾ ਹੋਣ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਦੇ ਬਦਲ ਵਜੋਂ ਸਰਾਫ਼ਾ ’ਚ ਖ਼ਰੀਦਦਾਰੀ ਵਧਾਈ ਹੈ।’’ (ਪੀਟੀਆਈ)