
ਰਾਜਸਥਾਨ ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ ਕਾਂਗਰਸ ਦੇ 19 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੇ ਨੋਟਿਸ ਮਾਮਲੇ ’ਚ
ਨਵੀਂ ਦਿੱਲੀ, 22 ਜੁਲਾਈ : ਰਾਜਸਥਾਨ ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ ਕਾਂਗਰਸ ਦੇ 19 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੇ ਨੋਟਿਸ ਮਾਮਲੇ ’ਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਵਿਧਾਨ ਸਭਾ ਸਪੀਕਰ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਸਪੀਕਰ ਨੇ ਇਸ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਵੀ ਕਿਤੀ ਹੈ। ਸਪੀਕਰ ਜੋਸ਼ੀ ਨੇ ਕਿਹਾ ਕਿ ਸਪੀਕਰ ਦੇ ਅਧਿਕਾਰ ’ਤੇ ਕੋਰਟ ਦਖ਼ਲ ਨਹੀਂ ਦੇ ਸਕਦਾ। ਮੈਂ ਸਿਰਫ਼ ਨੋਟਿਸ ਦਿਤਾ, ਫ਼ੈਸਲਾ ਨਹੀਂ ਸੁਣਾਇਆ। ਜਨਪ੍ਰਤੀਨਿਧੀ ਨੂੰ ਅਯੋਗ ਠਹਿਰਾਉਣ ਦਾ ਸਪੀਕਰ ਨੂੰ ਅਧਿਕਾਰ ਹੈ।
File Photo
ਜ਼ਿਕਰਯੋਗ ਹੈ ਕਿ ਸਪੀਕਰ ਨੇ ਰਾਜਸਥਾਨ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿਤੀ ਹੈ, ਜਿਸ ਵਿਚ ਕੋਰਟ ਨੇ ਸ਼ੁਕਰਵਾਰ ਤਕ ਪਾਇਲਟ ਅਤੇ ਉਨ੍ਹਾਂ ਦੇ ਖੇਮੇ ਦੇ 18 ਵਿਧਾਇਕਾਂ ਖ਼ਿਲਾਫ਼ ਕਾਰਵਾਈ ’ਤੇ ਰੋਕ ਲਗਾ ਦਿਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਹਾਈ ਕੋਰਟ ਵਿਧਾਨ ਸਭਾ ਸਪੀਕਰ ਨੂੰ ਸਚਿਨ ਪਾਇਲਟ ਖੇਮੇ ’ਤੇ ਕਾਰਵਾਈ ਕਰਨ ਤੋਂ ਨਹੀਂ ਰੋਕ ਸਕਦਾ। ਕੋਰਟ ਦਾ ਕੱਲ ਦਾ ਹੁਕਮ ਨਿਆਂਪਾਲਿਕਾ ਅਤੇ ਵਿਧਾਇਕਾਂ ਵਿਚ ਟਕਰਾਅ ਪੈਦਾ ਹੋ ਸਕਦਾ ਹੈ।
ਪਟੀਸ਼ਨਕਰਤਾ ਨੇ ਹਾਈ ਕੋਰਟ ਦੇ ਅੰਤਰਿਮ ਆਦੇਸ਼ ’ਤੇ ਰੋਕ ਲਾਏ ਜਾਣ ਦੀ ਵੀ ਮੰਗ ਸੁਪਰੀਮ ਕੋਰਟ ਤੋਂ ਕੀਤੀ ਹੈ। ਪਟੀਸ਼ਨ ਵਿਚ ਸਪੀਕਰ ਨੇ ਕੋਰਟ ਦੇ ਪੁਰਾਣੇ ਫ਼ੈਸਲੇ ਦਾ ਹਵਾਲਾ ਵੀ ਦਿਤਾ ਹੈ ਅਤੇ ਕਿਹਾ ਹੈ ਕਿ ਜਦੋਂ ਤੱਕ ਅਯੋਗਤਾ ਦੀ ਕਾਰਵਾਈ ਪੂਰੀ ਨਹੀਂ ਹੁੰਦੀ, ਉਦੋਂ ਤਕ ਸਪੀਕਰ ਦੀ ਕਾਰਵਾਈ ’ਚ ਕੋਰਟ ਦਖ਼ਲ ਅੰਦਾਜ਼ੀ ਨਹੀਂ ਕਰ ਸਕਦਾ। (ਪੀਟੀਆਈ)