ਫ਼ਰਜ਼ੀ ਖ਼ਬਰਾਂ ਨੂੰ ਰੋਕਣ ਲਈ ਅਜੇ ਵੀ ਸੂਬੇ ਅੰਦਰ ਇੰਟਰਨੈੱਟ ਪੂਰੀ ਤਰ੍ਹਾਂ ਚਾਲੂ ਨਹੀਂ
ਅਜੇ ਸ਼ਾਂਤੀ ਬਹੁਤ ਦੂਰ : ਅਧਿਕਾਰੀ
ਪੁਲਿਸ ਨੇ ਗਲਤ ਜਾਣਕਾਰੀ ਦੇ ਫੈਲਣ ਨੂੰ ਰੋਕਣ ਲਈ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ
ਇੰਫ਼ਾਲ: ਮਣੀਪੁਰ ’ਚ 3 ਮਈ ਤੋਂ ਸ਼ੁਰੂ ਹੋਈ ਨਸਲੀ ਹਿੰਸਾ ’ਚ ਹੁਣ ਤਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੀ ਸਥਿਤੀ ’ਤੇ ਨਜ਼ਰ ਰੱਖਣ ਵਾਲੀਆਂ ਵੱਖ-ਵੱਖ ਸੁਰਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਹਿੰਸਾ ਨੂੰ ਵੱਡੇ ਪੱਧਰ ’ਤੇ ਅਫਵਾਹਾਂ ਅਤੇ ਜਾਅਲੀ ਖਬਰਾਂ ਨੇ ਭੜਕਾਇਆ ਸੀ। 4 ਮਈ ਨੂੰ ਕਾਂਗਪੋਕਪੀ ਜ਼ਿਲੇ ’ਚ ਦੋ ਔਰਤਾਂ ਨੂੰ ਨਗਨ ਹਾਲਤ ’ਚ ਘੁਮਾਉਣ ਦੀ ਘਿਨਾਉਣੀ ਘਟਨਾ ਉਨ੍ਹਾਂ ਜਿਨਸੀ ਹਮਲਿਆਂ ਦੀ ਲੜੀ ’ਚੋਂ ਇਕ ਸੀ ਜੋ ਪੋਲੀਥੀਨ ’ਚ ਲਪੇਟੀ ਲਾਸ਼ ਦੀ ਇਕ ਤਸਵੀਰ ਦੇ ਸੋਸ਼ਲ ਮੀਡੀਆ ’ਤੇ ਪਾ ਕੇ ਇਹ ਝੂਠਾ ਦਾਅਵਾ ਕੀਤਾ ਗਿਆ ਸੀ ਕਿ ਪੀੜਤਾ ਦਾ ਚੁਰਾਚਾਂਦਪੁਰ ’ਚ ਆਦਿਵਾਸੀਆਂ ਵਲੋਂ ਕਤਲ ਕਰ ਦਿਤਾ ਗਿਆ ਸੀ।
ਇਸ ਬਾਬਤ ਇਕ ਅਧਿਕਾਰੀ ਨੇ ਦਸਿਆ ਕਿ ਬਾਅਦ ’ਚ ਪਤਾ ਲੱਗਾ ਕਿ ਇਹ ਤਸਵੀਰ ਰਾਸ਼ਟਰੀ ਰਾਜਧਾਨੀ ਵਿਚ ਇਕ ਕਤਲ ਪੀੜਤਾ ਦੀ ਹੈ, ਪਰ ਉਦੋਂ ਤਕ ਵਾਦੀ ’ਚ ਹਿੰਸਾ ਭੜਕ ਚੁੱਕੀ ਸੀ ਅਤੇ ਅਗਲੇ ਦਿਨ ਜੋ ਵੇਖਿਆ ਗਿਆ, ਉਸ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿਤਾ ਸੀ। ਕੰਗਪੋਕਪੀ ਘਟਨਾ ਦੀ ਵੀਡੀਓ ਪਿਛਲੇ ਹਫ਼ਤੇ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਸੀ ਅਤੇ ਦੇਸ਼ ’ਚ ਭਾਰੀ ਰੋਸ ਪੈਦਾ ਹੋਇਆ ਸੀ।
ਉਸੇ ਦਿਨ, ਸਿਰਫ਼ 30 ਕਿਲੋਮੀਟਰ ਦੀ ਦੂਰੀ ’ਤੇ, 20 ਸਾਲਾਂ ਦੀਆਂ ਦੋ ਹੋਰ ਔਰਤਾਂ ਦਾ ਵੀ ਬਲਾਤਕਾਰ ਅਤੇ ਕਤਲ ਕਰ ਦਿਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਜਾਅਲੀ ਤਸਵੀਰ ਨੇ ਹਿੰਸਾ ਨੂੰ ਭੜਕਾਇਆ ਅਤੇ ਇਹੀ ਘਟਨਾ ਰਾਜ ਸਰਕਾਰ ਵਲੋਂ 3 ਮਈ ਨੂੰ ਇੰਟਰਨੈਟ ਬੰਦ ਕਰਨ ਦਾ ਇਕ ਕਾਰਨ ਸੀ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਸੂਬੇ ਵਿਚ ਇੰਟਰਨੈੱਟ ਨੂੰ ਪੂਰੀ ਤਰ੍ਹਾਂ ਬਹਾਲ ਹੋਣ ’ਚ ਲੰਮਾ ਸਮਾਂ ਲੱਗੇਗਾ ਕਿਉਂਕਿ ਅਫਵਾਹਾਂ ਫੈਲਾਉਣ ਵਾਲੇ ਲਗਾਤਾਰ ਸਰਗਰਮ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸ਼ਾਂਤੀ ਦੀ ਕੋਈ ਝਲਕ ਹੋਣੀ ਚਾਹੀਦੀ ਹੈ। ਅਸੀਂ ਅਜੇ ਵੀ ਇਸ ਤੋਂ ਬਹੁਤ ਦੂਰ ਹਾਂ।’’
ਵੱਖ-ਵੱਖ ਪਾਰਟੀਆਂ ਅਤੇ ਕਾਰਕੁਨਾਂ ਦੇ ਇਕ ਵਰਗ ਨੇ ਇੰਟਰਨੈੱਟ ਬੰਦ ਕਰਨ ਦਾ ਵਿਰੋਧ ਕੀਤਾ ਹੈ। ਮਾਮਲੇ ’ਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ, ਸੁਪਰੀਮ ਕੋਰਟ ਨੇ 17 ਜੁਲਾਈ ਨੂੰ ਮਣੀਪੁਰ ਸਰਕਾਰ ਨੂੰ ਕਿਹਾ ਕਿ ਉਹ ਸੂਬੇ ’ਚ ਸੀਮਤ ਇੰਟਰਨੈਟ ਦੀ ਬਹਾਲੀ ਬਾਰੇ ਹਾਈ ਕੋਰਟ ਦੇ ਪਹਿਲੇ ਹੁਕਮ ਵਿਰੁਧ ਅਪਣੀ ਸ਼ਿਕਾਇਤ ਹਾਈ ਕੋਰਟ ਕੋਲ ਖੁਦ ਉਠਾਉਣ।
ਮਨੀਪੁਰ ’ਚ 3 ਮਈ ਤੋਂ ਭੜਕੀ ਹਿੰਸਾ ਨੂੰ ਘੱਟ ਕਰਨ ’ਚ ਸ਼ਾਮਲ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਵਿਸ਼ਲੇਸ਼ਣ ਨੇ ਸਿੱਟਾ ਕਢਿਆ ਹੈ ਕਿ ‘‘ਸਥਾਨਕ ਅਖ਼ਬਾਰਾਂ ਵਲੋਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਜਾਅਲੀ ਜਾਂ ਇਕਤਰਫ਼ਾ ਖ਼ਬਰਾਂ ’ਤੇ ਵੀ ਕੋਈ ਕੰਟਰੋਲ ਨਹੀਂ ਹੈ।’’ ਇਕ ਤਾਜ਼ਾ ਉਦਾਹਰਣ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਕ ਪ੍ਰਮੁੱਖ ਅਖਬਾਰ ਨੇ ਦਾਅਵਾ ਕੀਤਾ ਸੀ ਕਿ ਹਥਿਆਰਬੰਦ ਆਦਿਵਾਸੀ ਚੰਦੇਲ ਜ਼ਿਲ੍ਹੇ ਦੇ ਕਵਾਥਾ ਪਿੰਡ ਵਿਚ ਬਹੁਗਿਣਤੀ ਭਾਈਚਾਰੇ ਦੇ ਮੈਂਬਰਾਂ ’ਤੇ ਹਮਲਾ ਕਰਨ ਦੀ ਸਾਜ਼ਸ਼ ਰਚ ਰਹੇ ਸਨ। ਅਖਬਾਰ ਦੀ ਖਬਰ ’ਤੇ ਮਣੀਪੁਰ ਪੁਲਸ ਹਰਕਤ ’ਚ ਆ ਗਈ, ਪਰ ਪਤਾ ਲੱਗਾ ਕਿ ਖਬਰ ਝੂਠੀ ਸੀ।
ਪੁਲਿਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਸਥਾਨਕ ਅਖਬਾਰਾਂ ਵਲੋਂ ਰੀਪੋਰਟ ਕੀਤੇ ਅਨੁਸਾਰ ਕਿਸੇ ਵੀ ਪਿੰਡ ਨੂੰ ਸਾੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ। ਪੁਲਿਸ ਨੇ ਮੁੜ ਅਪੀਲ ਕੀਤੀ ਹੈ ਕਿ ਸੰਵੇਦਨਸ਼ੀਲ ਮਾਮਲਿਆਂ ਵਿਚ ਸਿਰਫ਼ ਤਸਦੀਕ ਸੂਚਨਾ ਹੀ ਪ੍ਰਕਾਸ਼ਿਤ ਕੀਤੀ ਜਾਵੇ। ਪੁਲਿਸ ਨੇ ਸੋਸ਼ਲ ਮੀਡੀਆ ’ਤੇ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਕਰਨ ਜਾਂ ਗਲਤ ਜਾਣਕਾਰੀ ਦੇ ਫੈਲਣ ਨੂੰ ਰੋਕਣ ਲਈ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।
ਕੁਝ ਦਿਨ ਪਹਿਲਾਂ, ਚੂਰਾਚੰਦਪੁਰ ’ਚ ਕਬਾਇਲੀ ਨੌਜਵਾਨਾਂ ਦਾ ਮਾਰਚ ਕਰਦੇ ਹੋਏ ਇਕ ਹੋਰ ਵੀਡੀਓ ਵਾਦੀ ਵਿਚ ਪ੍ਰਸਾਰਿਤ ਹੋਇਆ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਆਦਿਵਾਸੀ ਬਹੁਗਿਣਤੀ ਭਾਈਚਾਰੇ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਖੋਹ ਲੈਣਗੇ। ਕਿਉਂਕਿ ਵੀਡੀਉ ਮਿਜ਼ੋ ਭਾਸ਼ਾ ਵਿਚ ਸੀ, ਜੋ ਕਿ ਕੁਕੀ-ਚਿਨ ਖੇਤਰਾਂ ’ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਕੁਝ ਸਮਾਜ ਵਿਰੋਧੀ ਅਨਸਰਾਂ ਨੇ ਇਸ ਦਾ ਫਾਇਦਾ ਉਠਾਇਆ ਅਤੇ ਇੰਫਾਲ ’ਚ ਗੁੱਸਾ ਭੜਕਾਉਣ ਲਈ ਇਸ ’ਚ ਉਪਸਿਰਲੇਖ ਪਾ ਦਿਤੇ, ਜਿੱਥੇ ਮਣੀਪੁਰੀ ਮੀਤੀਲੋਨ ਆਮ ਤੌਰ ’ਤੇ ਬੋਲੀ ਜਾਂਦੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਵੀਡੀਓ ’ਚ ਅਸਲ ’ਚ ਜੋ ਕਿਹਾ ਗਿਆ ਹੈ ਉਹ ਇਕ ਵਖਰੇ ਪ੍ਰਸ਼ਾਸਨ ਨਾਲ ਸਬੰਧਤ ਮੰਗ ਸੀ ਜੋ ਇਕ ਕਬਾਇਲੀ ਭਜਨ ਨਾਲ ਖਤਮ ਹੋਇਆ। ਇੰਫਾਲ ਵਾਦੀ ’ਚ ਇਕ ਹੋਰ ਜਾਅਲੀ ਖ਼ਬਰ ਫੈਲਾਈ ਅਤੇ ਪ੍ਰਸਾਰਿਤ ਕੀਤੀ ਜਾ ਰਹੀ ਸੀ ਕਿ ਕੁਝ ਆਦਿਵਾਸੀਆਂ ਨੇ ਕੋਂਗਬਾ ਮਾਰੂ ਲਾਈਫਮਲੇਨ ਧਾਰਮਕ ਸਥਾਨ ਨੂੰ ਅੱਗ ਲਗਾ ਦਿਤੀ।
ਸੁਰੱਖਿਆ ਏਜੰਸੀਆਂ ਬਹੁਗਿਣਤੀ ਭਾਈਚਾਰੇ ਦੇ ਕੁਝ ਲੋਕਾਂ ਨੂੰ ਅਪਣੇ ਨਾਲ ਲੈ ਗਈਆਂ ਤਾਂ ਜੋ ਧਾਰਮਿਕ ਸਥਾਨ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾ ਸਕੇ। ਹਾਲਾਂਕਿ, ਨਸਲੀ ਸਮੂਹਾਂ ਵਿਚਕਾਰ ਹਥਿਆਰਬੰਦ ਝੜਪਾਂ ਹੋਈਆਂ, ਜਿਸ ’ਚ ਦੋ ਆਦਿਵਾਸੀ ਜ਼ਖਮੀ ਹੋ ਗਏ। ਖਬਰਾਂ ਦਾ ਖੰਡਨ ਕਰਨ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।
ਹਾਲਾਂਕਿ, ਇਕ ਹੋਰ ਵੀਡੀਓ ਪ੍ਰਸਾਰਿਤ ਕੀਤਾ ਗਿਆ ਜਿਸ ਵਿਚ ਕੁਝ ਮ੍ਰਿਤਕਾਂ ਨੂੰ ਜ਼ਮੀਨ ’ਤੇ ਪਏ ਵੇਖਿਆ ਗਿਆ ਅਤੇ ਉਨ੍ਹਾਂ ਨੂੰ ਬਹੁਗਿਣਤੀ ਭਾਈਚਾਰੇ ਦੇ ਮੈਂਬਰ ਦਸਿਆ ਗਿਆ ਅਤੇ ਆਦਿਵਾਸੀਆਂ ’ਤੇ ਕਤਲ ਦਾ ਦੋਸ਼ ਲਾਇਆ ਗਿਆ। ਸੋਸ਼ਲ ਮੀਡੀਆ ’ਤੇ ਦੋ ਕਬਾਇਲੀ ਔਰਤਾਂ ’ਤੇ ਹੋਏ ਹਮਲੇ ਦੀ 26 ਸੈਕਿੰਡ ਦੀ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਵੀਡੀਓ ਵੀ ਵਾਇਰਲ ਹੋਈ ਸੀ।
ਅਧਿਕਾਰੀਆਂ ਨੇ ਕਿਹਾ ਕਿ ਤੱਥ ਇਹ ਹੈ ਕਿ ਹਿੰਸਾ ’ਚ ਮਾਰੇ ਗਏ ਲੋਕ ਬਹੁਗਿਣਤੀ ਭਾਈਚਾਰੇ ਦੇ ਮੈਂਬਰ ਸਨ, ਜਿਨ੍ਹਾਂ ਨੇ ਪਹਾੜੀਆਂ ’ਚ ਇਕ ਕਬਾਇਲੀ ਪਿੰਡ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਜਵਾਬੀ ਕਾਰਵਾਈ ’ਚ ਮਾਰੇ ਗਏ ਸਨ। ਹਿੰਸਾ ਦੇ ਸ਼ੁਰੂਆਤੀ ਪੜਾਅ ਵਿਚ, ਇਕ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਅੰਤ ’ਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਇਕ ਵੀਡੀਓ ਇਸ ਦਾਅਵੇ ਨਾਲ ਪ੍ਰਸਾਰਤ ਕੀਤਾ ਗਿਆ ਸੀ ਕਿ ਉਹ ਇਕ ਕਬਾਇਲੀ ਔਰਤ ਸੀ ਜਿਸ ਨੂੰ ਬਹੁਗਿਣਤੀ ਭਾਈਚਾਰੇ ਵਲੋਂ ਤੰਗ ਕੀਤਾ ਜਾ ਰਿਹਾ ਸੀ।
ਇਹ ਤੁਰਤ ਸਪੱਸ਼ਟ ਕੀਤਾ ਗਿਆ ਸੀ ਕਿ ਵੀਡੀਓ ਪਿਛਲੇ ਸਾਲ ਮਿਆਂਮਾਰ ਦੇ ਤਾਮੂ ਸ਼ਹਿਰ ਵਿਚ ਮਾਰੀ ਗਈ ਇਕ ਔਰਤ ਦਾ ਸੀ ਅਤੇ ਇਸ ਦਾ ਮਣੀਪੁਰ ਦੇ ਨਸਲੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਸੀ। ਇਸ ਮਹੀਨੇ ਦੇ ਸ਼ੁਰੂ ’ਚ, ਮਣੀਪੁਰ ਪੁਲਿਸ ਦੇ ਇੰਸਪੈਕਟਰ ਜਨਰਲ (ਸੀ.ਆਈ.ਡੀ.) ਨਾਲ ਸਬੰਧਤ ਇਕ ਗੱਡੀ ਨੂੰ ਅਫਵਾਹ ਫੈਲਾਉਣ ਤੋਂ ਬਾਅਦ ਅੱਗ ਲਾ ਦਿਤੀ ਗਈ ਸੀ ਕਿ ਕੁਝ ਆਦਿਵਾਸੀਆਂ ਨੂੰ ਇੰਫਾਲ ਵਾਦੀ ਤੋਂ ਸੁਰੱਖਿਆ ਲਈ ਲਿਜਾਇਆ ਜਾ ਰਿਹਾ ਹੈ। ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਇਸ ਸਬੰਧ ’ਚ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਬਹੁਗਿਣਤੀ ਭਾਈਚਾਰੇ ਨੇ ਰਾਸ਼ਟਰੀ ਰਾਜਧਾਨੀ ’ਚ ਇਕ ਫੋਟੋ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਵਿਚ ਉਨ੍ਹਾਂ ਦੇ ਭਾਈਚਾਰੇ ਦੀ ਇਕ ਔਰਤ ਨੂੰ ਆਦਿਵਾਸੀਆਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਇਹ ਤਸਵੀਰ ਅਰੁਣਾਂਚਲ ਪ੍ਰਦੇਸ਼ ਦੀ ਇਕ ਔਰਤ ਦੀ ਹੈ, ਜਿਸ ਨਾਲ ਉਸ ਦੇ ਇਲਾਕੇ ਵਿਚ ਬਦਸਲੂਕੀ ਕੀਤੀ ਗਈ ਸੀ।