ਕਿਹਾ, ਸੰਵੇਦਨਹੀਣ ਅਤੇ ਬੇਰਹਿਮ ਵੀ ਹੋ ਗਈ ਹੈ ਕੇਂਦਰ ਸਰਕਾਰ
ਨਵੀਂ ਦਿੱਲੀ: ਕਾਂਗਰਸ ਆਗੂ ਪੀ. ਚਿਦੰਬਰ ਨੇ ਮਣੀਪੁਰ ਦੇ ਹਾਲਾਤ ਦੀ ਤੁਲਨਾ ਬਿਹਾਰ, ਪਛਮੀ ਬੰਗਾਲ ਅਤੇ ਰਾਜਸਥਾਨ ਨਾਲ ਕਰਨ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਣੀਪੁਰ ’ਚ ਸਰਕਾਰ ‘ਨਾਕਾਮ’ ਹੋ ਗਈ ਹੈ, ਜਦਕਿ ਕੇਂਦਰ ‘ਖ਼ੁਦ ਪੈਦਾ ਕੀਤੇ ਕੋਮਾ’ ’ਚ ਚਲੀ ਗਈ ਹੈ।
ਭਾਜਪਾ ਪਛਮੀ ਬੰਗਾਲ, ਰਾਜਸਥਾਨ ਅਤੇ ਬਿਹਾਰ ’ਚ ਔਰਤਾਂ ’ਤੇ ਹੋਏ ਜ਼ੁਲਮਾਂ ਦੇ ਮਾਮਲਿਆਂ ਨੂੰ ਚੁਕ ਰਹੀ ਹੈ ਅਤੇ ਇਨ੍ਹਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀ ‘ਚੁੱਪੀ’ ’ਤੇ ਸਵਾਲ ਖੜੇ ਕਰ ਰਹੀ ਹੈ। ਜਦਕਿ ਵਿਰੋਧੀ ਪਾਰਟੀਆਂ ਇਸ ਨੂੰ ਹਿੰਸਾ ਪ੍ਰਭਾਵਤ ਮਣੀਪੁਰ ਦੀ ਸਥਿਤੀ ’ਤੇ ਬਹਿਸ ਤੋਂ ਬਚਣ ਲਈ ਧਿਆਨ ਭਟਕਾਉਣ ਦੀ ਭਾਜਪਾ ਦੀ ਰਣਨੀਤੀ ਦੱਸ ਰਹੀ ਹੈ।
ਮਣੀਪੁਰ ’ਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੇਈਤੀ ਲੋਕਾਂ ਦੀ ਮੰਗ ਵਿਰੁਧ ਪਹਾੜੀ ਜ਼ਿਲ੍ਹਿਆਂ ’ਚ ਤਿੰਨ ਮਈ ਨੂੰ ‘ਆਦਿਵਾਸੀ ਇਕਜੁਟਤਾ ਮਾਰਚ’ ਕਰਵਾਉਣ ਤੋਂ ਬਾਅਦ ਸੂਬੇ ’ਚ ਭੜਕੀ ਨਸਲੀ ਹਿੰਸਾ ’ਚ ਹੁਣ ਤਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਮਣੀਪੁਰ ਦੀ ਆਬਾਦੀ ’ਚ ਮੇਈਤੀ ਲੋਕਾਂ ਦੀ ਗਿਣਤੀ ਲਗਭਗ 53 ਫ਼ੀ ਸਦੀ ਹੈ ਅਤੇ ਉਹ ਜ਼ਿਆਦਾਤਰ ਇੰਫ਼ਾਲ ਵਾਦੀ ’ਚ ਰਹਿੰਦੇ ਹਨ, ਜਦਕਿ ਨਗਾ ਅਤੇ ਕੁਕੀ ਵਰਗੇ ਆਦਿਵਾਸੀਆਂ ਦੀ ਆਬਾਦੀ 40 ਫ਼ੀ ਸਦੀ ਹੈ ਅਤੇ ਉਹ ਪਹਾੜੀ ਜ਼ਿਲ੍ਹਿਆਂ ’ਚ ਰਹਿੰਦੇ ਹਨ।
ਚਿਦੰਬਰਮ ਨੇ ਟਵੀਟ ਕੀਤਾ, ‘‘ਚਲੋ ਮੰਨ ਲੈਂਦੇ ਹਾਂ ਕਿ ਬਿਹਾਰ, ਪਛਮੀ ਬੰਗਾਲ ਅਤੇ ਰਾਜਸਥਾਨ ’ਚ ਔਰਤਾਂ ਵਿਰੁਧ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਇਸ ਨਾਲ ਮਣੀਪੁਰ ’ਚ ਲਗਾਤਾਰ ਜਾਰੀ ਹਿੰਸਾ ਕਿਸ ਤਰ੍ਹਾਂ ਮਾਫ਼ੀ ਹੋ ਸਕਦੀ ਹੈ?’’ ਸਾਬਕਾ ਗ੍ਰਹਿ ਮੰਤਰੀ ਨੇ ਕਿਹਾ, ‘‘ਕੀ ਵਾਦੀ ’ਚ ਕੋਈ ਕੁਕੀ ਬਚਿਆ ਹੈ? ਕੀ ਚੁਰਾਚਾਂਦਪੁਰ ਅਤੇ ਮਣੀਪੁਰ ਦੇ ਹੋਰ ਪਹਾੜੀ ਜ਼ਿਲ੍ਹਿਆਂ ’ਚ ਕੋਈ ਮੇਈਤੀ ਬਚਿਆ ਹੈ? ਜੇਕਰ ਰੀਪੋਰਟ ਸੱਚ ਹੈ ਤਾਂ ਮਣੀਪੁਰ ’ਚ ਜਾਤ ਅਧਾਰਤ ਸਫ਼ਾਇਆ ਲਗਭਗ ਪੂਰਾ ਹੋ ਗਿਆ ਹੈ।’’
ਚਿਦੰਬਰਮ ਨੇ ਦਾਅਵਾ ਕੀਤਾ ਕਿ ਮਣੀਪੁਰ ’ਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਹਕੂਮਤ ਉਨ੍ਹਾਂ ਦੇ ਘਰਾਂ ਅਤੇ ਦਫ਼ਤਰਾਂ ਤੋਂ ਅੱਗੇ ਨਹੀਂ ਚਲਦੀ।
ਚਿਦੰਬਰਮ ਨੇ ਕਿਹਾ, ‘‘ਮਣੀਪੁਰ ਦੇ ਹਾਲਾਤ ਦਾ ਮੁਕਾਬਲਾ ਬਿਹਾਰ, ਪਛਮੀ ਬੰਗਾਲ ਅਤੇ ਰਾਜਸਥਾਨ ਦੀ ਸਥਿਤੀ ਨਾਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਕੇਂਦਰ ਸਰਕਾਰ ਨਾ ਸਿਰਫ਼ ਅਸਮਰੱਥ ਅਤੇ ਵਿਤਕਰੇ ਭਰੀ ਰਹੀ ਹੈ, ਬਲਕਿ ਜਦੋਂ ਉਹ ਘਿਨਾਉਣੀਆਂ ਤੁਲਨਾਵਾਂ ਦੇ ਪਰਦੇ ਪਿੱਛੇ ਲੁਕਦੀ ਹੈ ਤਾਂ ਉਹ ਸੰਵੇਦਨਹੀਣ ਅਤੇ ਬੇਰਹਿਮ ਵੀ ਹੋ ਜਾਂਦੀ ਹੈ।’’
ਉਨ੍ਹਾਂ ਕਿਹਾ ਕਿ ਜੇਕਰ ਬਿਹਾਰ, ਪਛਮੀ ਬੰਗਾਲ ਅਤੇ ਰਾਜਸਥਾਨ ’ਚ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ ਤਾਂ ਸੂਬਾ ਸਰਕਾਰਾਂ ਨੂੰ ਸਖ਼ਤ ਕਾਰਵਾਈ ਦਾ ਹੁਕਮ ਯਕੀਨੀ ਤੌਰ ’ਤੇ ਦਿਉ, ਪਰ ਇਸ ਨਾਲ ਮਣੀਪੁਰ ’ਚ ਹੋ ਰਹੀ ਬਰਬਰਤਾ ਨੂੰ ਮਾਫ਼ੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ, ‘‘ਮਣੀਪੁਰ ਦੀ ਸਰਕਾਰ ਨਾਕਾਮ ਹੋ ਗਈ ਹੈ। ਭਾਰਤ ਸਰਕਾਰ ਖ਼ੁਦ ਪੈਦਾ ਕੀਤੇ ਕੋਮਾ ’ਚ ਹੈ।’’
ਮਣੀਪੁਰ ’ਚ ਬੁਧਵਾਰ ਨੂੰ ਚਾਰ ਮਈ ਦੀ ਇਕ ਘਟਨਾ ਦਾ ਵੀਡੀਓ ਸਾਹਮਣੇ ਆਉਣ ਮਗਰੋਂ ਦੇਸ਼ ਭਰ ’ਚ ਗੁੱਸਾ ਹੈ। ਇਸ ਵੀਡੀਓ ’ਚ ਦੋ ਆਦਿਵਾਸੀ ਔਰਤਾਂ ਨੂੰ ਵਿਰੋਧੀ ਨਸਲ ਦੇ ਮਰਦਾਂ ਦਾ ਇਕ ਸਮੂਹ ਨਗਨ ਕਰ ਕੇ ਘੁਮਾਉਂਦਾ ਅਤੇ ਉਨ੍ਹਾਂ ਦਾ ਜਿਨਸੀ ਸੋਸ਼ਣ ਕਰਦਾ ਦਿਸ ਰਿਹਾ ਹੈ।