
ਕਿਹਾ, ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ
ਬੇਂਗਲੁਰੂ: ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਡੀ.ਕੇ. ਸ਼ਿਵਕੁਮਾਰ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਕਿ ਰਾਜਪਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਬਾਅ ਹੇਠ 15 ਬਿਲ ਵਾਪਸ ਕਰ ਦਿਤੇ। ਸੀਨੀਅਰ ਕਾਂਗਰਸੀ ਨੇਤਾ ਨੇ ਭਾਜਪਾ ਦੇ ਫਾਇਦੇ ਨੂੰ ਧਿਆਨ ’ਚ ਰਖਦੇ ਹੋਏ ਇਹ ਫੈਸਲਾ ਲੈਣ ਲਈ ਰਾਜਪਾਲ ਥਾਵਰਚੰਦ ਗਹਿਲੋਤ ’ਤੇ ਵੀ ਨਿਸ਼ਾਨਾ ਸਾਧਿਆ।
ਸਦਾਸ਼ਿਵਨਗਰ ’ਚ ਅਪਣੇ ਘਰ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਜੇਕਰ ਰਾਜਪਾਲ ਭਾਜਪਾ ਦੇ ਫਾਇਦੇ ਦੇ ਆਧਾਰ ’ਤੇ ਫੈਸਲੇ ਲੈਂਦੇ ਹਨ ਤਾਂ ਲੋਕਤੰਤਰ ’ਚ ਸਾਨੂੰ ਸਰਕਾਰਾਂ ਦੀ ਲੋੜ ਕਿਉਂ ਹੈ? ਜੇ ਬਿਲਾਂ ’ਤੇ ਕੋਈ ਸਵਾਲ ਸਨ, ਤਾਂ ਅਸੀਂ ਉਨ੍ਹਾਂ ਦੇ ਜਵਾਬ ਦੇਣ ਲਈ ਇੱਥੇ ਹਾਂ। ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਰਾਜਪਾਲ ਨੂੰ ਸੁਮੱਤ ਦੇਵੇ।’’
ਰਾਜਪਾਲ ਨੇ 16 ਅਗੱਸਤ ਨੂੰ ਮੈਸੂਰੂ ਸ਼ਹਿਰੀ ਵਿਕਾਸ ਅਥਾਰਟੀ ਦੇ ਪਲਾਟ ਅਲਾਟਮੈਂਟ ਘਪਲੇ ਦੇ ਸਬੰਧ ’ਚ ਮੁੱਖ ਮੰਤਰੀ ਸਿਧਾਰਮਈਆ ’ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿਤੀ ਸੀ। ਉਦੋਂ ਤੋਂ ਹੀ ਕਾਂਗਰਸੀ ਵਿਧਾਇਕ ਮੁੱਖ ਮੰਤਰੀ ਨਾਲ ਇਕਜੁੱਟਤਾ ਵਿਖਾ ਰਹੇ ਹਨ ਅਤੇ ਰਾਜਪਾਲ ਦੇ ਇਸ ਕਦਮ ਦੀ ਨਿੰਦਾ ਕਰ ਰਹੇ ਹਨ।
ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ, ਸ਼ਿਵਕੁਮਾਰ ਨੇ ਕਿਹਾ, ‘‘ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ। ਅਸੀਂ ਚੁੱਪ ਚਾਪ ਬੈਠ ਕੇ ਇਨ੍ਹਾਂ ਕੋਸ਼ਿਸ਼ਾਂ ਨੂੰ ਵੇਖਣ ਨਹੀਂ ਜਾ ਰਹੇ, ਅਸੀਂ ਉਨ੍ਹਾਂ ਨੂੰ ਰੋਕਣ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ।’’
ਉਨ੍ਹਾਂ ਕਿਹਾ, ‘‘ਕਰਨਾਟਕ ਦੇ ਲੋਕਾਂ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੂੰ 224 ’ਚੋਂ 136 ਸੀਟਾਂ ਦਿਤੀਆਂ ਸਨ ਪਰ ਹੁਣ ਭਾਜਪਾ ਅਤੇ ਜਨਤਾ ਦਲ (ਸੈਕੂਲਰ) ਲੋਕਾਂ ਲਈ ਕੰਮ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’ ਸੂਬੇ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਦੇ ਦਿੱਲੀ ਦੌਰੇ ਬਾਰੇ ਪੁੱਛੇ ਜਾਣ ’ਤੇ ਸ਼ਿਵਕੁਮਾਰ ਨੇ ਕਿਹਾ, ‘‘ਉਨ੍ਹਾਂ ਦਾ ਅਪਣਾ ਵਿਭਾਗ ਅਤੇ ਪਾਰਟੀ ਦਾ ਕੰਮ ਹੈ। ਅਸੀਂ ਉਸ ਦੀ ਯਾਤਰਾ ਬਾਰੇ ਕਿਵੇਂ ਫੈਸਲਾ ਕਰ ਸਕਦੇ ਹਾਂ? ਸਾਡੇ ਕੋਲ ਦਿੱਲੀ ’ਚ ਵੀ ਕੰਮ ਹੈ ਅਤੇ ਇਸ ਲਈ ਅਸੀਂ ਇਕੱਠੇ ਜਾ ਰਹੇ ਹਾਂ।’’