
ਮੌਤ ਦੇ ਪਰਛਾਵੇਂ ਹੇਠ ਬਿਨਾਂ ਤਨਖ਼ਾਹ 16-16 ਘੰਟੇ ਕੰਮ ਕਰਦੇ ਹਨ ਮਿਆਂਮਾਰ ਵਿਖੇ ਬੰਧਕ ਬਣਾਏ ਗਏ ਭਾਰਤੀ
ਹੈਦਰਾਬਾਦ: ਮਿਆਂਮਾਰ ਤੋਂ ਆਈ ਇੱਕ ਖ਼ਬਰ 'ਚ ਪਤਾ ਲੱਗਿਆ ਹੈ ਕਿ ਉੱਥੇ ਕੁਝ ਦੱਖਣ ਭਾਰਤੀਆਂ ਨੂੰ ਬੰਦੀ ਬਣਾ ਕੇ ਸਾਈਬਰ ਅਪਰਾਧੀਆਂ ਵਜੋਂ ਕੰਮ ਕਰਵਾਇਆ ਜਾ ਰਿਹਾ ਹੈ। ਮਿਆਂਮਾਰ ਦੇ ਮਿਆਵਾਦੀ ਵਿਖੇ ਇੱਕ ਕੰਪਲੈਕਸ ਵਿਖੇ ਬੰਧਕ ਬਣਾਏ ਗਏ ਇਨ੍ਹਾਂ 300 ਭਾਰਤੀਆਂ ਵਿੱਚੋਂ ਕੁਝ ਨੇ ਜਾਣਕਾਰੀ ਸਾਂਝੀ ਕੀਤੀ ਕਿ ਜੇ ਉਹ ਸਾਈਬਰ ਅਪਰਾਧੀਆਂ ਵਜੋਂ ਕੰਮ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨਾਲ ਬਹੁਤ ਅਣਮਨੁੱਖੀ ਸਲੂਕ ਕੀਤਾ ਜਾਂਦਾ ਹੈ, ਜਿਸ 'ਚ ਬਿਜਲੀ ਦੇ ਝਟਕੇ ਲਗਾਉਣਾ ਵੀ ਸ਼ਾਮਲ ਹੈ। ਆਪਣੀ ਰਿਹਾਈ ਲਈ ਇਨ੍ਹਾਂ ਭਾਰਤੀਆਂ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲਾ ਤੋਂ ਦਖਲ ਦੀ ਮੰਗ ਕੀਤੀ ਹੈ।
ਜਿਸ ਥਾਂ 'ਤੇ ਇਨ੍ਹਾਂ ਭਾਰਤੀਆਂ ਨੂੰ ਬੰਧਕ ਬਣਾਇਆ ਗਿਆ ਹੈ, ਉਸ ਥਾਂ ਨੂੰ ਸ਼ਵੇ ਕੋਕੋ ਵਜੋਂ ਜਾਣਿਆ ਜਾਂਦਾ ਹੈ, ਅਤੇ ਇਸ ਦਾ ਮਾਲਕ ਇੱਕ ਚੀਨੀ ਮੂਲ ਦਾ ਕਾਰੋਬਾਰੀ ਦੱਸਿਆ ਗਿਆ ਹੈ ਜਿਸ ਦਾ ਨਾਂਅ ਸ਼ੀ ਜ਼ੀਜੀਅੰਗ ਦੱਸਿਆ ਗਿਆ ਹੈ। ਪਤਾ ਲੱਗਿਆ ਹੈ ਕਿ ਇਹ ਕਾਰੋਬਾਰੀ ਪਿਛਲੇ ਮਹੀਨੇ ਹਿਰਾਸਤ 'ਚ ਲਿਆ ਗਿਆ ਹੈ, ਅਤੇ ਇਹ ਇੰਟਰਪੋਲ ਨੂੰ ਵੀ ਲੋੜੀਂਦਾ ਸੀ।
ਪਹਿਲਾਂ ਕੁਝ ਭਾਰਤੀ ਉੱਥੋਂ ਰਿਹਾਅ ਹੋ ਕੇ ਭਾਰਤ ਪਹੁੰਚੇ ਹਨ, ਜਿਨ੍ਹਾਂ ਨੇ ਆਪਣੀ ਰਿਹਾਈ ਬਦਲੇ ਕ੍ਰਿਪਟੋਕਰੰਸੀ ਦਾ ਭੁਗਤਾਨ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਜਿਸ ਥਾਂ 'ਤੇ ਭਾਰਤੀਆਂ ਨੂੰ ਬੰਧਕ ਬਣਾਇਆ ਗਿਆ ਹੈ, ਉਹ ਸਾਰਾ ਇਲਾਕਾ ਉੱਚੀਆਂ ਦੀਵਾਰਾਂ ਨਾਲ ਢਕਿਆ ਹੋਇਆ ਹੈ, ਜਿੱਥੇ ਹਥਿਆਰਬੰਦ ਪਹਿਰੇਦਾਰ ਤਾਇਨਾਤ ਹਨ। ਬੰਧੂਆ ਭਾਰਤੀਆਂ ਤੋਂ ਪ੍ਰਤੀ ਦਿਨ 16 ਘੰਟੇ ਬਿਨਾਂ ਕਿਸੇ ਤਨਖ਼ਾਹ ਦੇ ਕੰਮ ਕਰਵਾਇਆ ਜਾਂਦਾ ਹੈ।
ਜ਼ਬਰੀ ਕੰਮ ਅਤੇ ਭੁੱਖਣ-ਭਾਣੇ ਰਹਿਣ ਵਾਲੇ ਸਾਰੇ ਤਸ਼ੱਦਦ ਦੇ ਨਾਲ-ਨਾਲ ਉਨ੍ਹਾਂ ਦੇ ਮਨਾਂ ਨੂੰ ਹਰ ਵੇਲੇ ਇਹ ਡਰ ਵੀ ਸਤਾਉਂਦਾ ਰਹਿੰਦਾ ਹੈ ਕਿ ਕਿਸੇ ਵੀ ਘੜੀ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ ਜਾ ਸਕਦੀ ਹੈ। ਭਾਰਤੀਆਂ ਦੇ ਪਾਸਪੋਰਟ ਜ਼ਬਤ ਕੀਤੇ ਗਏ ਹਨ, ਅਤੇ ਉਨ੍ਹਾਂ ਦੇ ਫ਼ੋਨ ਵੀ ਲਗਾਤਾਰ ਨਿਗਰਾਨੀ ਹੇਠ ਰਹਿੰਦੇ ਹਨ।
ਦੱਸਣਯੋਗ ਹੈ ਕਿ ਇਨ੍ਹਾਂ ਸਾਰੇ ਭਾਰਤੀਆਂ ਨੂੰ ਥਾਈਲੈਂਡ ਡਾਟਾ ਐਂਟਰੀ ਆਪ੍ਰੇਟਰ ਦੀ ਨੌਕਰੀ ਦੇ ਲਾਲਚ 'ਚ ਫ਼ਸਾਇਆ ਗਿਆ। ਥਾਈਲੈਂਡ ਪਹੁੰਚਣ ਤੋਂ ਬਾਅਦ ਇਨ੍ਹਾਂ ਨੂੰ ਬੰਦੂਕਾਂ ਦੀ ਨੋਕ 'ਤੇ ਜੰਗਲਾਂ ਰਾਹੀਂ ਮਿਆਂਮਾਰ ਵਿਖੇ ਲਿਆਂਦਾ ਗਿਆ।
ਸਮਾਜ ਸੇਵੀ ਸੱਜਣਾਂ ਅਤੇ ਅਦਾਰਿਆਂ ਵੱਲੋਂ ਕੀਤੀ ਪਹੁੰਚ ਤੋਂ ਬਾਅਦ, ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਦੇ ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ਵੱਲੋਂ ਇਨ੍ਹਾਂ ਪੀੜਤਾਂ ਨੂੰ ਨੰਬਰ ਅਤੇ ਈ.ਮੇਲ ਆਈ.ਡੀ. ਸਾਂਝੇ ਕੀਤੇ ਗਏ ਹਨ। ਇਸ ਵਿਸ਼ੇ 'ਚ ਅਗਲੀਆਂ ਕਾਰਵਾਈਆਂ ਦੀ ਉਡੀਕ ਰਹੇਗੀ।