
ਸੁਪਰੀਮ ਕੋਰਟ ਨੇ ਫ਼ੋਰਟਿਸ ਹੈਲਥਕੇਅਰ ਲਿਮਟਿਡ ਦੇ ਸ਼ੇਅਰਾਂ ਦੀ ਵਿਕਰੀ ਦਾ ਫ਼ੋਰੈਂਸਿਕ ਆਡਿਟ ਕਰਨ ਦਾ ਵੀ ਹੁਕਮ ਦਿਤਾ ਹੈ
ਨਵੀਂ ਦਿੱਲੀ : ਮਲੇਸ਼ੀਆ ਸਥਿਤ ਆਈਐਚਐਚ ਹੈਲਥਕੇਅਰ ਨੂੰ ਸ਼ੇਅਰਾਂ ਦੀ ਵਿਕਰੀ ਨਾਲ ਸਬੰਧਤ ਮਾਮਲੇ ਵਿਚ ਸੁਪਰੀਮ ਕੋਰਟ ਨੇ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਛੇ-ਛੇ ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਫ਼ੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰਾਂ, ਜਿਨ੍ਹਾਂ ਨੂੰ ਪਹਿਲਾਂ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਨੂੰ ਛੇ-ਛੇ ਮਹੀਨੇ ਦੀ ਸਜ਼ਾ ਸੁਣਾਈ।
ਸੁਪਰੀਮ ਕੋਰਟ ਨੇ ਫ਼ੋਰਟਿਸ ਹੈਲਥਕੇਅਰ ਲਿਮਟਿਡ ਦੇ ਸ਼ੇਅਰਾਂ ਦੀ ਵਿਕਰੀ ਦਾ ਫ਼ੋਰੈਂਸਿਕ ਆਡਿਟ ਕਰਨ ਦਾ ਵੀ ਹੁਕਮ ਦਿਤਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਹੁਣ ਇਸ ਦੀ ਜ਼ਿੰਮੇਵਾਰੀ ਹੁਕਮਾਂ ’ਤੇ ਅਮਲ ਕਰਨ ਵਾਲੀ ਅਦਾਲਤ ਨੂੰ ਸੌਂਪੀ ਗਈ ਹੈ। ਧਿਆਨ ਯੋਗ ਹੈ ਕਿ ਫ਼ੋਰਟਿਸ ਹੈਲਥਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰ ਵੀ ਜਾਪਾਨੀ ਕੰਪਨੀ ਦਾਈਚੀ ਸਾਂਕਿਓ ਨਾਲ ਅਦਾਲਤੀ ਲੜਾਈ ਵਿਚ ਉਲਝੇ ਹੋਏ ਹਨ। ਜਾਪਾਨੀ ਕੰਪਨੀ ਨੇ ਸਿੰਘ ਭਰਾਵਾਂ ਵਿਰੁਧ ਸਿੰਗਾਪੁਰ ਟ੍ਰਿਬਿਊਨਲ ਵਿਚ 3,600 ਕਰੋੜ ਰੁਪਏ ਦੀ ਆਰਬਿਟਰੇਸ਼ਨ ਰਕਮ ਜਿੱਤੀ ਸੀ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਫ਼ੋਰਟਿਸ-ਆਈਐਚਐਚ ਸ਼ੇਅਰ ਸੌਦੇ ਨੂੰ ਚੁਣੌਤੀ ਦਿਤੀ ਹੈ।