
ਕਿਹਾ, ਪੁੱਤਰ ਨੂੰ ਕਾਂਗਰਸ ’ਚ ਵੰਸ਼ਵਾਦ ਦੀ ਸਿਆਸਤ ਵਿਰੁਧ ਪਾਸ ਮਤੇ ਤੋਂ ਝਟਕਾ ਲੱਗਾ
ਤਿਰੂਵਨੰਤਪੁਰਮ: ਕਾਂਗਰਸ ਦੇ ਸੀਨੀਅਰ ਆਗੂ ਏ.ਕੇ. ਐਂਟਨੀ ਦੀ ਪਤਨੀ ਐਲੀਜ਼ਾਬੈੱਥ ਦਾ ਇਕ ਵੀਡੀਉ ਵਾਇਰਲ ਹੋਇਆ ਹੈ, ਜਿਸ ’ਚ ਉਹ ਅਪਣੇ ਵੱਡੇ ਪੁੱਤਰ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਜਾਇਜ਼ ਠਹਿਰਾਉਂਦੇ ਦਿਸ ਰਹੇ ਹਨ। ਵੀਡੀਉ ਵਾਇਰਲ ਹੋਣ ਤੋਂ ਬਾਅਦ ਕੇਰਲ ’ਚ ਕਾਂਗਰਸ ਪਾਰਟੀ ਨੂੰ ਅਸਹਿਜ ਹੋਣਾ ਪੈ ਰਿਹਾ ਹੈ। ਇਕ ਈਸਾਈ ਧਿਆਨ ਕੇਂਦਰ ਦੇ ਯੂ-ਟਿਊਬ ਚੈਨਲ ’ਤੇ ਜਾਰੀ ਵੀਡੀਉ ’ਚ ਭਾਵੁਕ ਐਲੀਜ਼ਾਬੈੱਥ ਨੂੰ ਇਹ ਮੰਨਦਿਆਂ ਵੇਖਿਆ ਜਾ ਸਕਦਾ ਹੈ ਕਿ ਉਹ ਅਨਿਲ ਐਂਟਨੀ ਨੂੰ ਭਾਜਪਾ ਤੋਂ ਮਿਲੇ ਸੱਦੇ ਬਾਰੇ ਬਹੁਤ ਪਹਿਲਾਂ ਤੋਂ ਜਾਣਦੇ ਸਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੋਵੇਂ ਪੁੱਤਰ ਸਿਆਸਤ ’ਚ ਆਉਣਾ ਚਾਹੁੰਦੇ ਸਨ ਪਰ ਕਾਂਗਰਸ ਪਾਰਟੀ ਦੇ ਚਿੰਤਨ ਕੈਂਪ ’ਚ ਵੰਸ਼ਵਾਦ ਦੀ ਸਿਆਸਤ ਵਿਰੁਧ ਪਾਸ ਇਕ ਮਤੇ ਤੋਂ ਉਨ੍ਹਾਂ ਨੂੰ ਝਟਕਾ ਲਗਿਆ ਸੀ। ਐਲੀਜ਼ਾਬੈੱਥ ਨੂੰ ਇਹ ਦਾਅਵਾ ਕਰਦਿਆਂ ਵੀ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਉਨ੍ਹਾਂ ਵਲੋਂ ਰੱਬ ਨੂੰ ਕੀਤੀਆਂ ਪ੍ਰਾਰਥਨਾਵਾਂ ਕਾਰਨ ਹੀ ਸਿਆਸਤ ’ਚ ਨਵਾਂ ਮੌਕਾ ਮਿਲਿਆ।
ਉਨ੍ਹਾਂ ਕਿਹਾ, ‘‘ਮੇਰਾ ਪੁੱਤਰ 39 ਸਾਲਾਂ ਦਾ ਹੋ ਗਿਆ ਸੀ। ਇਕ ਦਿਨ ਉਸ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਫ਼ੋਨ ਆਇਆ ਹੈ ਅਤੇ ਉਨ੍ਹਾਂ ਨੇ ਉਸ ਨੂੰ ਭਾਜਪਾ ’ਚ ਸ਼ਾਮਲ ਹੋਣ ਦੀ ਗੱਲ ਕੀਤੀ ਹੈ।’’
ਐਲੀਜ਼ਾਬੈੱਥ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪ੍ਰਵਾਰ ਕਾਂਗਰਸ ਪਾਰਟੀ ’ਚ ਭਰੋਸਾ ਕਰਦੇ ਹਨ, ਪਰ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਭਾਜਪਾ ’ਚ ਸ਼ਾਮਲ ਹੋਣਗੇ ਤਾਂ ਉਨ੍ਹਾਂ ਨੂੰ ਚੰਗੇ ਮੌਕੇ ਮਿਲਣਗੇ। ਐਲੀਜ਼ਾਬੈੱਥ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਵਾਰ ’ਚ ਕਿਸੇ ਨੂੰ ਵੀ ਅਨਿਲ ਦੇ ਭਾਜਪਾ ’ਚ ਸ਼ਾਮਲ ਹੋਣ ਦੇ ਫੈਸਲੇ ਬਾਰੇ ਨਹੀਂ ਦਸਿਆ। ਉਨ੍ਹਾਂ ਮੰਨਿਆ ਕਿ ਅਨਿਲ ਦੇ ਭਾਜਪਾ ’ਚ ਸ਼ਾਮਲ ਹੋਣ ਬਾਰੇ ਚਾਰ ਦਿਨ ਬਾਅਦ ਟੀ.ਵੀ. ਚੈਨਲਾਂ ਰਾਹੀਂ ਪਤਾ ਲੱਗਣ ’ਤੇ ਏ.ਕੇ. ਐਂਟਨੀ ਨੂੰ ਝਟਕਾ ਲਗਿਆ ਸੀ।
ਉਨ੍ਹਾਂ ਕਿਹਾ ਕਿ ਐਂਟਨੀ ਨੇ ਬਾਅਦ ’ਚ ਅਪਣੇ ਪੁੱਤਰ ਦੇ ਫੈਸਲੇ ਨੂੰ ਮਨਜ਼ੂਰ ਕੀਤਾ ਅਤੇ ਕਹਿਾ ਕਿ ਜਦੋਂ ਵੀ ਮਨ ਚਾਹੇ ਉਹ ਘਰ ਆ ਸਕਦਾ ਹੈ, ਪਰ ਘਰ ’ਚ ਸਿਆਸਤ ਬਾਰੇ ਚਰਚਾ ਨਹੀਂ ਹੋਣੀ ਚਾਹੀਦੀ। ਕਾਂਗਰਸ ਹਾਈਕਮਾਨ, ਐਂਟਨੀ ਜਾਂ ਅਨਿਲ ਐਂਟਨੀ ਨੇ ਅਜੇ ਤਕ ਇਸ ਮਾਮਲੇ ’ਚ ਪ੍ਰਤੀਕਿਰਿਆ ਨਹੀਂ ਦਿਤੀ ਹੈ। ਸਾਬਕਾ ਰਖਿਆ ਮੰਤਰੀ ਐਂਟਨੀ ਦੇ ਪੁੱਤਰ ਅਨਿਲ ਐਂਟਨੀ ਇਸ ਸਾਲ ਅਪ੍ਰੈਲ ’ਚ ਭਾਜਪਾ ’ਚ ਸ਼ਾਮਲ ਹੋਏ ਸਨ।