ਪੁੱਛ-ਪੜਤਾਲ ਲਈ ਦਿੱਲੀ ਲਿਆਂਦਾ ਗਿਆ ਮੋਇਰੰਗਥਮ ਆਨੰਦ ਸਿੰਘ, ਇੰਫ਼ਾਲ ਵੈਸਟ ’ਚ ਮੁੜ ਹੋਈਆਂ ਝੜਪਾਂ
ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਮਿਆਂਮਾਰ ਤੋਂ ਸੰਚਾਲਿਤ ਅਤਿਵਾਦੀ ਜਥੇਬੰਦੀਆਂ ਨਾਲ ਕਥਿਤ ਤੌਰ ’ਤੇ ਸਬੰਧ ਰੱਖਣ ਅਤੇ ਮਨੀਪੁਰ ਵਿਚ ਚੱਲ ਰਹੇ ਜਾਤ ਅਧਾਰਤ ਸੰਘਰਸ਼ ਦਾ ਫਾਇਦਾ ਉਠਾ ਕੇ ਭਾਰਤ ਵਿਰੁਧ ਜੰਗ ਛੇੜਨ ਦੀ ਸਾਜ਼ਸ਼ ਰਚਣ ਦੇ ਦੋਸ਼ ਵਿਚ ਇਕ ਸ਼ੱਕੀ ਅਤਿਵਾਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਐਨ.ਆਈ.ਏ. ਦੇ ਬੁਲਾਰੇ ਨੇ ਦਸਿਆ ਕਿ ਮੋਇਰੰਗਥਮ ਆਨੰਦ ਸਿੰਘ ਨੂੰ ਮਨੀਪੁਰ ਤੋਂ ਗ੍ਰਿਫ਼ਤਾਰ ਕਰ ਕੇ ਪੁੱਛ-ਪੜਤਾਲ ਲਈ ਨਵੀਂ ਦਿੱਲੀ ਲਿਆਂਦਾ ਗਿਆ ਹੈ।
ਆਨੰਦ ਸਿੰਘ ਮਨੀਪੁਰ ਪੁਲਿਸ ਵਲੋਂ ਪੁਲਿਸ ਅਸਲਾਖਾਨੇ ਤੋਂ ਹਥਿਆਰ ਲੁੱਟਣ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਪੰਜ ਦੋਸ਼ੀਆਂ ’ਚੋਂ ਇਕ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ, ਸੂਬੇ ਦੇ ਬਹੁਗਿਣਤੀ ਭਾਈਚਾਰੇ ਨੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਅਤੇ ਦਾਅਵਾ ਕਰਨਾ ਸ਼ੁਰੂ ਕਰ ਦਿਤਾ ਕਿ ਉਹ ਪਿੰਡ ਦੇ ਰਖਿਆ ਕਰਮਚਾਰੀਆਂ ’ਚ ਸ਼ਾਮਲ ਸੀ।
ਸਥਾਨਕ ਅਦਾਲਤ ਨੇ ਸ਼ੁਕਰਵਾਰ ਨੂੰ ਸਾਰੇ ਪੰਜ ਦੋਸ਼ੀਆਂ ਨੂੰ ਜ਼ਮਾਨਤ ਦੇ ਦਿਤੀ ਸੀ।
ਹਾਲਾਂਕਿ ਅਧਿਕਾਰੀ ਨੇ ਕਿਹਾ, ਆਨੰਦ ਸਿੰਘ ਨੂੰ ਤੁਰਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਰਾਸ਼ਟਰੀ ਰਾਜਧਾਨੀ ਲਿਆਉਣ ਤੋਂ ਪਹਿਲਾਂ ਕਿਸੇ ਅਣਦੱਸੀ ਥਾਂ ’ਤੇ ਲਿਜਾਇਆ ਗਿਆ।
ਅਧਿਕਾਰੀ ਨੇ ਕਿਹਾ ਕਿ ਆਨੰਦ ਸਿੰਘ ਨੂੰ ਮਨੀਪੁਰ ’ਚ ਚੱਲ ਰਹੀ ਨਸਲੀ ਅਸ਼ਾਂਤੀ ਦਾ ਫਾਇਦਾ ਚੁੱਕ ਕੇ ਭਾਰਤ ਸਰਕਾਰ ਵਿਰੁਧ ਜੰਗ ਛੇੜਨ ਲਈ ਮਿਆਂਮਾਰ ਸਥਿਤ ਅਤਿਵਾਦੀ ਸਮੂਹਾਂ ਦੀ ਅਗਵਾਈ ਹੇਠ ਰਚੀ ਗਈ ‘ਕੌਮਾਂਤਰੀ ਸਾਜ਼ਸ਼’ ਨਾਲ ਸਬੰਧਤ ਇਕ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ।
ਐਨ.ਆਈ.ਏ. ਨੇ 19 ਜੁਲਾਈ ਨੂੰ ਨਵੀਂ ਦਿੱਲੀ ਵਿਚ ਖ਼ੁਦ ਨੋਟਿਸ ਲੈਂਦਿਆਂ ਇਕ ਕੇਸ ਦਰਜ ਕੀਤਾ ਸੀ ਅਤੇ ਜਾਂਚ ’ਚ ਪ੍ਰਗਟਾਵਾ ਹੋਇਆ ਸੀ ਕਿ ਸਾਜ਼ਸ਼ ਹੇਠ ਪਾਬੰਦੀਸ਼ੁਦਾ ਅਤਿਵਾਦੀ ਸਮੂਹ ਸੂਬੇ ’ਚ ਮੌਜੂਦਾ ਅਸ਼ਾਂਤੀ ਦਾ ਫਾਇਦਾ ਲੈ ਕੇ ਸੁਰੱਖਿਆ ਫ਼ੋਰਸ ’ਤੇ ਹਮਲਾ ਕਰਨ ਅਤੇ ਅਪਣੀ ਤਾਕਤ ਵਧਾਉਣ ਲਈ ਜ਼ਮੀਨਦੋਜ਼ ਵਰਕਰਾਂ, ਕਾਡਰਾਂ ਅਤੇ ਸਮਰਥਕਾਂ ਦੀ ਭਰਤੀ ਕਰ ਰਹੇ ਹਨ।
ਬੁਲਾਰੇ ਨੇ ਦਸਿਆ ਕਿ ਆਨੰਦ ਸਿੰਘ ਨੂੰ ਸ਼ਨਿਚਰਵਾਰ ਨੂੰ ਦਿੱਲੀ ਲਿਆਂਦਾ ਗਿਆ ਅਤੇ ਸਬੰਧਤ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਪੰਜ ਦਿਨਾਂ ਲਈ ਪੁਲੀਸ ਹਿਰਾਸਤ ’ਚ ਭੇਜ ਦਿਤਾ ਗਿਆ।
ਵਿਸ਼ੇਸ਼ ਅਦਾਲਤ ਨੇ ਜ਼ਮਾਨਤ ’ਤੇ ਰਿਹਾਅ ਕੀਤਾ ਸੀ ਆਨੰਦ ਸਿੰਘ ਨੂੰ
ਮਨੀਪੁਰ ਦੀ ਇਕ ਵਿਸ਼ੇਸ਼ ਅਦਾਲਤ ਨੇ ਆਨੰਦ ਸਿੰਘ ਨੂੰ ਚਾਰ ਹੋਰ ਪੇਂਡੂ ਰਖਿਆ ਸਵੈਮ ਸੇਵਕਾਂ ਦ ਨਾਲ ਜ਼ਮਾਨਤ ’ਤੇ ਰਿਹਾਅ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਇੰਫ਼ਾਲ ਵੈਸਟ ਦੇ ਕੁਝ ਇਲਾਕਿਆਂ ’ਚ ਸੁਰਖਿਆ ਫ਼ੋਰਸਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਸ਼ੁਕਰਵਾਰ ਰਾਤ ਫਿਰ ਝੜਪ ਹੋਈ। ਰਿਹਾਈ ਤੋਂ ਬਾਅਦ ਚਾਰ ਨੌਜੁਆਨਾਂ ਨੂੰ ਉਨ੍ਹਾਂ ਦੇ ਪ੍ਰਵਾਰਾਂ ਨੂੰ ਸੌਂਪ ਦਿਤਾ ਗਿਆ ਸੀ। ਆਨੰਦ ਸਿੰਘ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਨੂੰ 10 ਸਾਲ ਤੋਂ ਵੱਧ ਪੁਰਾਣੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।