
ਸ਼ਰਧਾਲੂਆਂ ਨੂੰ ਘਰ ਦਾ ਬਣਿਆ ਪ੍ਰਸਾਦ ਜਾਂ ਸੁੱਕੇ ਮੇਵੇ ਦਾ ਭੋਗ ਲਗਾਉਣ ਦੀ ਹੀ ਕੀਤੀ ਅਪੀਲ
Tirupati Prasad Controversy: ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ’ਚ ਸ਼ਰਧਾਲੂਆਂ ਨੂੰ ਵੰਡੇ ਜਾਣ ਵਾਲੇ ਪ੍ਰਸਾਦ ’ਚ ਜਾਨਵਰਾਂ ਦੀ ਚਰਬੀ ਮਿਲਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਲਖਨਊ ਦੇ ਪ੍ਰਸਿੱਧ ਮਨਕਾਮੇਸ਼ਵਰ ਮੰਦਰ ’ਚ ਸ਼ਰਧਾਲੂਆਂ ਦੇ ਬਾਹਰੋਂ ਲਿਆਂਦੇ ਗਏ ਪ੍ਰਸਾਦ ਚੜ੍ਹਾਉਣ ’ਤੇ ਪਾਬੰਦੀ ਲਗਾ ਦਿਤੀ ਗਈ ਹੈ।
ਮੰਦਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਘਰ ਦਾ ਬਣਿਆ ਪ੍ਰਸਾਦ ਜਾਂ ਸੁੱਕੇ ਮੇਵੇ ਦਾ ਭੋਗ ਲਗਾਉਣ ਦੀ ਹੀ ਅਪੀਲ ਕੀਤੀ ਹੈ।
ਮੰਦਰ ਦੇ ਮਹੰਤ ਦੇਵਿਆ ਗਿਰੀ ਨੇ ਤਿਰੂਪਤੀ ਮੰਦਰ ’ਚ ਮਿਲਾਵਟੀ ਪ੍ਰਸਾਦ ਵੰਡਣ ਨੂੰ ਇਕ ਨਾਮੁਆਫੀਯੋਗ ਅਪਰਾਧ ਕਰਾਰ ਦਿਤਾ ਹੈ ਅਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਫਾਂਸੀ ਦਿਤੀ ਜਾਵੇ।
ਉਨ੍ਹਾਂ ਕਿਹਾ, ‘‘ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ’ਚ ਮਿਲਾਵਟੀ ਪ੍ਰਸਾਦ ਦੇ ਮੁੱਦੇ ’ਤੇ ਅਸੀਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਦੇਵਤੇ ਨੂੰ ਚੜ੍ਹਾਏ ਜਾਣ ਵਾਲੇ ਪ੍ਰਸਾਦ ’ਚ ਮਾਸਾਹਾਰੀ ਭੋਜਨ ਦਾ ਕੋਈ ਤੱਤ ਨਹੀਂ ਹੋਣਾ ਚਾਹੀਦਾ। ਇਸ ਦੇ ਲਈ ਅਸੀਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਦੇ ਬਣੇ ਘਿਓ ਤੋਂ ਬਣਿਆ ਪ੍ਰਸਾਦ ਲੈ ਕੇ ਆਉਣ। ਜਾਂ ਉਨ੍ਹਾਂ ਨੂੰ ਸੁੱਕੇ ਮੇਵਿਆਂ ਦਾ ਪਕਵਾਨ ਬਣਾ ਕੇ ਲਿਆਉਣਾ ਚਾਹੀਦਾ ਹੈ ਅਤੇ ਨਹੀਂ ਤਾਂ ਫਲਾਂ ਦਾ ਭੋਗ ਲਗਵਾਉਣ।’’
ਉਨ੍ਹਾਂ ਕਿਹਾ, ‘‘ਇਹ ਨਵੀਂ ਪ੍ਰਣਾਲੀ ਨਿਸ਼ਚਤ ਤੌਰ ’ਤੇ ਕੁੱਝ ਮੁਸ਼ਕਲਾਂ ਪੈਦਾ ਕਰ ਰਹੀ ਹੈ ਪਰ ਹਿੰਦੂ ਧਰਮ ਵਿਚ ਸ਼ਾਕਾਹਾਰੀ ਕਿਵੇਂ ਯਕੀਨੀ ਬਣਾਇਆ ਜਾਵੇ, ਇਹ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਹੈ। ਹਿੰਦੂ ਧਰਮ ’ਚ ਤੁਸੀਂ ਸ਼ਾਕਾਹਾਰ ਨੂੰ ਕਿਵੇਂ ਬਚਾ ਸਕਦੇ ਹੋ, ਇਸ ਤੋਂ ਇਲਾਵਾ ਸੱਭ ਕੁੱਝ ਮਾਮੂਲੀ ਹੋ ਜਾਂਦਾ ਹੈ।
ਅਸੀਂ ਕਦੇ ਨਹੀਂ ਸੋਚਿਆ ਸੀ ਕਿ ਮੰਦਰ ’ਚ ਪ੍ਰਸਾਦ ਵਜੋਂ ਮਾਸਾਹਾਰੀ ਭੋਜਨ ਦਿਤਾ ਜਾਵੇਗਾ। ਇਹ ਬਹੁਤ ਵੱਡੀ ਘਟਨਾ ਹੈ। ਸਨਾਤਨ ਧਰਮ ਨੂੰ ਇਸ ਤੋਂ ਵੱਡਾ ਕੋਈ ਝਟਕਾ ਨਹੀਂ ਹੋ ਸਕਦਾ, ਇਸ ਲਈ ਹਿੰਦੂ ਧਰਮ ਦੇ ਸਾਰੇ ਮੱਠਾਂ ਅਤੇ ਮੰਦਰਾਂ ਦੇ ਪ੍ਰਬੰਧਕਾਂ ਨੂੰ ਮਿਲ ਕੇ ਕੋਸ਼ਿਸ਼ ਕਰਨੀ ਪਵੇਗੀ ਕਿ ਅਸੀਂ ਸ਼ਾਕਾਹਾਰੀ ਪ੍ਰਸਾਦ ਕਿਵੇਂ ਦਿੰਦੇ ਹਾਂ।’’
ਗਿਰੀ ਨੇ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਤਿਰੂਪਤੀ ਮੰਦਰ ’ਚ ਮਿਲਾਵਟੀ ਪ੍ਰਸਾਦ ਪ੍ਰਾਪਤ ਕਰਨ ਵਾਲੇ ਸ਼ਰਧਾਲੂਆਂ ਦੇ ਧਰਮ ਨੂੰ ਭ੍ਰਿਸ਼ਟ ਕੀਤਾ ਹੈ, ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਇਹ ਇਕ ਮੁਆਫੀਯੋਗ ਜੁਰਮ ਹੈ। ਜ਼ਿੰਮੇਵਾਰ ਲੋਕਾਂ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਦਿਤੀ ਜਾਣੀ ਚਾਹੀਦੀ।
ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਤਿਰੂਪਤੀ ਮੰਦਰ ’ਚ ਸ਼ਰਧਾਲੂਆਂ ਨੂੰ ਵੰਡੇ ਗਏ ਪ੍ਰਸਾਦ ’ਚ ਜਾਨਵਰਾਂ ਦੀ ਚਰਬੀ ਮਿਲਾਉਣ ਦਾ ਦੋਸ਼ ਲੱਗਾ ਹੈ। ਇਸ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ।