
SIT ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਆਪਣੀ ਰਿਪੋਰਟ ਸਾਨੂੰ ਸੌਂਪੇਗੀ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ : CM ਨਾਇਡੂ
Tirupati laddu Controversy : ਤਿਰੂਪਤੀ ਬਾਲਾਜੀ ਮੰਦਰ ਦੇ ਪ੍ਰਸ਼ਾਦ ਦੇ ਰੂਪ 'ਚ ਵੰਡੇ ਜਾਣ ਵਾਲੇ ਲੱਡੂਆਂ 'ਚ ਜਾਨਵਰਾਂ ਦੀ ਚਰਬੀ ਮਿਲਣ ਅਤੇ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਮੁੱਖ ਮੰਤਰੀ ਨਾਇਡੂ ਨੇ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦਾ ਫੈਸਲਾ ਕੀਤਾ ਹੈ। ਪ੍ਰੈੱਸ ਕਾਨਫਰੰਸ ਰਾਹੀਂ ਨਾਇਡੂ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਰਹੇ ਹਾਂ। ਐਸਆਈਟੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਆਪਣੀ ਰਿਪੋਰਟ ਸਾਨੂੰ ਸੌਂਪੇਗੀ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ ਅਤੇ ਭਵਿੱਖ ਵਿੱਚ ਅਜਿਹੀ ਕਿਸੇ ਵੀ ਘਟਨਾ ਤੋਂ ਬਚਿਆ ਜਾ ਸਕੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਮੰਦਰਾਂ ਦੀ ਸਫ਼ਾਈ ਮੁਹਿੰਮ ਜਲਦੀ ਸ਼ੁਰੂ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਪਿਛਲੀ ਸਰਕਾਰ 'ਤੇ ਆਰੋਪ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਕਈ ਬੇਨਿਯਮੀਆਂ ਹੋਈਆਂ ਹਨ। ਸਾਡੀ ਸਰਕਾਰ ਉਸ ਸਿਸਟਮ ਨੂੰ ਸਾਫ਼ ਕਰੇਗੀ। ਉਨ੍ਹਾਂ ਕਿਹਾ ਕਿ ਤਿਰੁਮਾਲਾ 'ਚ ਪਿਛਲੇ 5 ਸਾਲਾਂ 'ਚ ਕਈ ਗੈਰ-ਪਵਿੱਤਰ ਚੀਜਾਂ ਕੀਤੀਆਂ ਗਈਆਂ, ਅਸੀਂ ਜਾਂਚ ਕਰਕੇ ਉਨ੍ਹਾਂ ਨੂੰ ਸਾਫ ਕਰਾਂਗੇ।
ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਮੰਦਰਾਂ 'ਚ ਜੋ ਕੁਝ ਵੀ ਹੋਇਆ ਹੈ, ਉਸ ਤੋਂ ਬਾਅਦ ਸਫਾਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਤਿਰੂਪਤੀ ਲੱਡੂਆਂ ਵਿੱਚ ਜਾਨਵਰਾਂ ਦੀ ਚਰਬੀ ਦੀ ਮਿਲਾਵਟ ਦੇ ਆਰੋਪਾਂ ਤੋਂ ਬਾਅਦ ਸਰਕਾਰ ਆਪਣੇ ਅਗਲੇ ਕਦਮਾਂ ਬਾਰੇ ਹਿੰਦੂ ਧਰਮ ਦੇ ਸੰਤਾਂ, ਪੁਜਾਰੀਆਂ ਅਤੇ ਹੋਰ ਚੋਟੀ ਦੇ ਮਾਹਰਾਂ ਨਾਲ ਸਲਾਹ ਕਰੇਗੀ। ਸੀਐਮ ਨਾਇਡੂ ਨੇ ਆਰੋਪ ਲਾਇਆ ਕਿ ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਆਪਣੇ ਸਿਆਸੀ ਫਾਇਦੇ ਲਈ ਮੰਦਰਾਂ ਦਾ ਇਸਤੇਮਾਲ ਕੀਤਾ ਅਤੇ ਆਪਣੇ ਨਜ਼ਦੀਕੀਆਂ ਨੂੰ ਮੰਦਰ ਟਰੱਸਟਾਂ ਵਿੱਚ ਉੱਚ ਅਹੁਦਿਆਂ 'ਤੇ ਬਿਠਾਇਆ।
ਇਹ ਮਾਮਲਾ ਉਦੋਂ ਸੁਰਖੀਆਂ 'ਚ ਆਇਆ ਸੀ ,ਜਦੋਂ ਸੀਐਮ ਨਾਇਡੂ ਨੇ ਪਿਛਲੀ ਸਰਕਾਰ 'ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਤਿਰੂਪਤੀ ਮੰਦਰ 'ਚ ਵੰਡੇ ਜਾਣ ਵਾਲੇ ਪ੍ਰਸ਼ਾਦ 'ਚ ਜਾਨਵਰਾਂ ਦੀ ਚਰਬੀ ਦਾ ਇਸਤੇਮਾਲ ਕੀਤਾ ਜਾਂਦਾ ਸੀ। ਆਪਣੀ ਇਸ ਗੱਲ ਨੂੰ ਸਾਬਤ ਕਰਨ ਲਈ ਮੁੱਖ ਮੰਤਰੀ ਨੇ ਗੁਜਰਾਤ ਦੀ ਇੱਕ ਲੈਬ ਦੀ ਰਿਪੋਰਟ ਵੀ ਸਾਹਮਣੇ ਰੱਖੀ ਸੀ ,ਜਿਸ ਵਿੱਚ ਕਿਹਾ ਗਿਆ ਸੀ ਕਿ ਵਾਈਐਸਆਰ ਕਾਂਗਰਸ ਦੇ ਸ਼ਾਸਨ ਦੌਰਾਨ ਤਿਰੂਪਤੀ ਮੰਦਰ ਦੇ ਪ੍ਰਸ਼ਾਦ ਵਿੱਚ ਜਾਨਵਰਾਂ ਦੀ ਚਰਬੀ ਦੇ ਅੰਸ਼ ਮਿਲੇ ਸਨ।